ਸਰਕਾਰੀ ਬੈਂਕ ਦੇ ਕਰਮਚਾਰੀ 5 ਡੇਅ ਵਰਕਿੰਗ ਦੀ ਮੰਗ ਨੂੰ ਲੈ ਕੇ ਅੱਜ ਰਹਿਣਗੇ ਹੜਤਾਲ 'ਤੇ
ਨਕਦ ਲੈਣ-ਦੇਣ ਅਤੇ ਚੈੱਕ ਕਲੀਅਰੈਂਸ ਵਰਗੇ ਕੰਮ ਨਹੀਂ ਹੋਣਗੇ
ਨਈ ਦਿੱਲੀ : ਦੇਸ਼ ਭਰ ਵਿੱਚ ਅੱਜ ਸਾਰੇ ਸਰਕਾਰੀ ਬੈਂਕਾਂ ਦੇ ਕਰਮਚਾਰੀ ਹੜਤਾਲ 'ਤੇ ਰਹਿਣਗੇ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਅੱਜ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨ ਕਰਮਚਾਰੀਆਂ ਲਈ 5-ਡੇ ਵਰਕਿੰਗ ਦੀ ਮੰਗ ਕਰ ਰਿਹਾ ਹੈ। ਹੜਤਾਲ ਕਾਰਨ ਬੈਂਕਾਂ ਵਿੱਚ ਕੈਸ਼ ਟ੍ਰਾਂਜੈਕਸ਼ਨ ਅਤੇ ਚੈੱਕ ਕਲੀਅਰੈਂਸ ਵਰਗੇ ਕੰਮ ਨਹੀਂ ਹੋ ਸਕਣਗੇ।
ਮਹੀਨੇ ਦੇ ਚੌਥੇ ਸ਼ਨੀਵਾਰ (23 ਜਨਵਰੀ), ਐਤਵਾਰ (25 ਜਨਵਰੀ) ਅਤੇ ਗਣਤੰਤਰ ਦਿਵਸ (26 ਜਨਵਰੀ) ਦੀ ਛੁੱਟੀ ਤੋਂ ਬਾਅਦ ਇਹ ਲਗਾਤਾਰ ਚੌਥਾ ਦਿਨ ਹੋਵੇਗਾ, ਜਦੋਂ ਸਰਕਾਰੀ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ। ਹਾਲਾਂਕਿ, ਬੈਂਕਾਂ ਨੇ ਆਪਣੀਆਂ ਬ੍ਰਾਂਚਾਂ ਬੰਦ ਰੱਖਣ ਦਾ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ ਗਿਆ । ਇਸ ਤੋਂ ਇਲਾਵਾ, ਪ੍ਰਾਈਵੇਟ ਬੈਂਕਾਂ ਵਿੱਚ ਕੰਮ ਆਮ ਤੌਰ 'ਤੇ ਚੱਲ ਰਿਹਾ ਹੈ।
ਬੈਂਕ ਯੂਨੀਅਨਾਂ ਅਤੇ ਸਰਕਾਰ ਵਿਚਕਾਰ ਵਿਵਾਦ ਦੀ ਮੁੱਖ ਜੜ੍ਹ ਸ਼ਨੀਵਾਰ ਦੀ ਛੁੱਟੀ ਹੈ। ਬੈਂਕ ਕਰਮਚਾਰੀ ਬਹੁਤ ਸਮੇਂ ਤੋਂ ‘5-ਡੇ ਵਰਕ ਵੀਕ' ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਮਾਰਚ 2024 ਵਿੱਚ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਯੂਨੀਅਨਾਂ ਵਿਚਕਾਰ 12ਵੇਂ ਦੁਵੱਲੇ ਸਮਝੌਤੇ ਦੌਰਾਨ ਸਾਰੇ ਸ਼ਨੀਵਾਰਾਂ ਨੂੰ ਛੁੱਟੀ ਘੋਸ਼ਿਤ ਕਰਨ 'ਤੇ ਸਹਿਮਤੀ ਬਣੀ ਸੀ।
ਇਸੇ ਦੌਰਾਨ ਅੱਜ ਚੰਡੀਗੜ੍ਹ ਦੇ ਸੈਕਟਰ 17 ਸਥਿਤ ਬੈਂਕ ਸਕੁਏਅਰ ਵਿਖੇ ਬਾਰਿਸ਼ ਦੇ ਚੱਲਦਿਆਂ ਵੀ ਬੈਂਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਗਿਆ।