ਪੈਟਰੋਲੀਅਮ ਮੰਤਰੀ ਦੇ ਬਿਆਨ 'ਤੇ ਕਾਂਗਰਸ ਨੇ ਪੁੱਛਿਆ ਸਵਾਲ -ਕੀ ਪੈਟਰੋਲ ਅਤੇ ਐਲਪੀਜੀ ਮੌਸਮੀ ਫਲ ਹਨ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜਿਵੇਂ ਜਿਵੇਂ ਮੌਸਮ ਠੀਕ ਹੋਏਗਾ ਗੈਸ ਤੇ ਪੈਟਰੋਲ ਦੇ ਰੇਟ ਵੀ ਘੱਟ ਜਾਣਗੇ।

Fuel prices

ਨਵੀਂ ਦਿੱਲੀ: ਦੇਸ਼ ਵਿਚ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਅੱਜ ਤਿੰਨ ਦਿਨ ਦੀ ਰਾਹਤ ਤੋਂ ਬਾਅਦ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਵਾਧਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 91 ਰੁਪਏ ਲੀਟਰ ਤੋਂ ਪਾਰ ਚਲਾ ਗਿਆ ਹੈ। ਇਸ ਵਿਚਾਲੇ ਕੇਂਦਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਬੀਤੇ ਦਿਨੀ ਵੱਡਾ ਬਿਆਨ ਸਾਹਮਣੇ ਆਇਆ ਸੀ। 

ਇਸ ਬਿਆਨ ਤੇ ਕਾਂਗਰਸੀ ਲੀਡਰ ਡਾ: ਅਜੈ ਕੁਮਾਰ ਨੇ ਪੁੱਛਿਆ ਕਿ "ਕੀ ਪੈਟਰੋਲ ਅਤੇ ਐਲਪੀਜੀ ਮੌਸਮੀ ਫਲ ਹਨ? ਉਸਨੇ ਟਵੀਟ ਕੀਤਾ, "ਪੈਟਰੋਲੀਅਮ, ਤੇਲ ਅਤੇ ਕੁਦਰਤੀ ਗੈਸ ਦੀ ਕੀਮਤਾਂ ਸਰਦੀਆਂ ਦੇ ਨਾਲ ਨਾਲ ਡਿੱਗਣਗੀਆਂ..ਇਹ ਸਰਦੀਆਂ ਵਿੱਚ ਹੁੰਦਾ ਹੈ।"... "ਕੀ ਪੈਟਰੋਲ ਅਤੇ ਐਲਪੀਜੀ ਮੌਸਮੀ ਫਲ ਹੈ?

ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦਾ ਬਿਆਨ 
ਦੋ ਦਿਨਾਂ ਵਾਰਾਣਸੀ ਦੌਰੇ 'ਤੇ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਠੰਢ ਕਾਰਨ ਹੋਇਆ ਹੈ। ਸ਼ੁੱਕਰਵਾਰ ਨੂੰ ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਏਅਰਪੋਰਟ ਤੇ ਪਹੁੰਚੇ ਕੇਂਦਰੀ ਮੰਤਰੀ ਨੇ ਕਿਹਾ ਜਿਵੇਂ ਜਿਵੇਂ ਮੌਸਮ ਠੀਕ ਹੋਏਗਾ ਗੈਸ ਤੇ ਪੈਟਰੋਲ ਦੇ ਰੇਟ ਵੀ ਘੱਟ ਜਾਣਗੇ। ਇਸ ਬਿਆਨ ਮਗਰੋਂ ਸਿਆਸਤ ਵੀ ਪੂਰੀ ਤਰ੍ਹਾਂ ਗਰਮ ਹੈ। 

ਦੱਸਣਯੋਗ ਹੈ ਕਿ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਦਿੱਲੀ ਵਿਚ ਪੈਟਰੋਲ ਦੀ ਕੀਮਤ 91.17 ਰੁਪਏ ਪ੍ਰਤੀ ਲੀਟਰ ਹੋ ਗਈ ਜੋ ਕਿ ਸ਼ੁੱਕਰਵਾਰ ਨੂੰ 90.93 ਰੁਪਏ ਸੀ। ਇਸੇ ਤਰ੍ਹਾਂ ਡੀਜ਼ਲ 81.47 ਰੁਪਏ ਲੀਟਰ ਹੋ ਗਿਆ ਹੈ, ਜੋ ਕਿ ਸ਼ੁੱਕਰਵਾਰ ਨੂੰ 81.32 ਰੁਪਏ ਪ੍ਰਤੀ ਲੀਟਰ ਸੀ। ਹੋਰ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਵਿਚ ਪੈਟਰੋਲ 97.57 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਉੱਥੇ ਹੀ ਡੀਜ਼ਲ 88.60 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਦੇਸ਼ ਦੇ ਵੱਡੇ ਸ਼ਹਿਰਾਂ ਵਿਚੋਂ ਸਭ ਤੋਂ ਮਹਿੰਗਾ ਪੈਟਰੋਲ ਮੁੰਬਈ ਵਿਚ ਵਿਕ ਰਿਹਾ ਹੈ। ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 91.35 ਰੁਪਏ ਲੀਟਰ ਪਹੁੰਚ ਗਈ ਹੈ, ਜੋ ਕਿ ਸ਼ੁੱਕਰਵਾਰ ਨੂੰ 91.12 ਰੁਪਏ ਪ੍ਰਤੀ ਲੀਟਰ ਸੀ। ਡੀਜ਼ਲ ਦੀ ਕੀਮਤ 84.20 ਤੋਂ ਵਧ ਕੇ ਸ਼ਨੀਵਾਰ ਨੂੰ 84.35 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਚੇਨਈ ਵਿਚ ਪੈਟਰੋਲ ਦੀ ਕੀਮਤ 93 ਰੁਪਏ ਤੋਂ ਪਾਰ 93.11 ਰੁਪਏ ਲੀਟਰ ਹੋ ਗਈ ਹੈ, ਜਦਕਿ ਡੀਜ਼ਲ 86.45 ਰੁਪਏ ਪ੍ਰਤੀ ਲੀਟਰ ਹੈ।