ਸੁਪਰੀਮ ਕੋਰਟ ਨੇ ਕੀਤੀ ਪਤੰਜਲੀ ਆਯੁਰਵੇਦ ਦੀ ਕੀਤੀ ਝਾੜਝੰਬ

ਏਜੰਸੀ

ਖ਼ਬਰਾਂ, ਵਪਾਰ

ਦਾਅਵਿਆਂ ਅਤੇ ਇਸ਼ਤਿਹਾਰਾਂ ਨਾਲ ਜੁੜੇ ਹਲਫਨਾਮੇ ਦੀ ਉਲੰਘਣਾ ਕਰਨ ਲਈ ਮੈਨੇਜਿੰਗ ਡਾਇਰੈਕਟਰ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

Supreme Court

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੂੰ ਉਸ ਦੇ ਅਦਾਲਤ ’ਚ ਦਿਤੇ ਹਲਫਨਾਮੇ ਅਤੇ ਦਵਾਈਆਂ ਵਰਗੇ ਅਸਰ ਦਾ ਦਾਅਵਾ ਕਰਨ ਵਾਲੇ ਬਿਆਨਾਂ ਦੀ ਪਹਿਲੀ ਨਜ਼ਰੇ ਉਲੰਘਣਾ ਨੂੰ ਲੈ ਕੇ ਮੰਗਲਵਾਰ ਨੂੰ ਉਸ ਦੀ ਸਖ਼ਤ ਫ਼ਟਕਾਰ ਲਾਈ ਹੈ।

ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਏ. ਅਮਾਨੁੱਲਾ ਦੀ ਬੈਂਚ ਨੇ ਪਤੰਜਲੀ ਆਯੁਰਵੇਦ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਅਤੇ ਪੁਛਿਆ ਕਿ ਉਨ੍ਹਾਂ ਵਿਰੁਧ ਅਦਾਲਤ ਦੀ ਹੁਕਮਅਦੂਲੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਬੈਂਚ ਨੇ ਪਤੰਜਲੀ ਆਯੁਰਵੇਦ ਅਤੇ ਇਸ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਦਵਾਈ ਦੇ ਵਿਰੁਧ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਕਿਸੇ ਵੀ ਰੂਪ ’ਚ ਕੋਈ ਬਿਆਨ ਨਾ ਦੇਣ। 

ਕੰਪਨੀ ਦੇ ਵਕੀਲ ਨੇ ਪਿਛਲੇ ਸਾਲ 21 ਨਵੰਬਰ ਨੂੰ ਸੁਪਰੀਮ ਕੋਰਟ ਨੂੰ ਭਰੋਸਾ ਦਿਤਾ ਸੀ ਕਿ ਹੁਣ ਤੋਂ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ, ਖਾਸ ਕਰ ਕੇ ਇਸ਼ਤਿਹਾਰ ਜਾਰੀ ਕਰਨ ਜਾਂ ਉਤਪਾਦਾਂ ਦੀ ਬ੍ਰਾਂਡਿੰਗ ਕਰਨ ਵਿਚ। ਇਸ ਦੇ ਨਾਲ ਹੀ ਪਤੰਜਲੀ ਦੇ ਉਤਪਾਦਾਂ ਦੇ ਦਵਾਈਆਂ ਵਰਗੇ ਅਸਰ ਦਾ ਦਾਅਵਾ ਕਰਨ ਵਾਲਾ ਕੋਈ ਬਿਆਨ ਨਹੀਂ ਦਿਤਾ ਜਾਵੇਗਾ ਅਤੇ ਨਾ ਹੀ ਇਲਾਜ ਦੇ ਕਿਸੇ ਵੀ ਤਰੀਕੇ ਦੇ ਵਿਰੁਧ ਕੋਈ ਤੱਥਪੂਰਨ ਬਿਆਨ ਕਿਸੇ ਵੀ ਰੂਪ ’ਚ ਮੀਡੀਆ ’ਚ ਜਾਰੀ ਕੀਤਾ ਜਾਵੇਗਾ। 

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੰਪਨੀ ਨੂੰ ਕਈ ਬੀਮਾਰੀਆਂ ਦੇ ਇਲਾਜ ਲਈ ਅਪਣੀਆਂ ਦਵਾਈਆਂ ਬਾਰੇ ਇਸ਼ਤਿਹਾਰਾਂ ’ਚ ਝੂਠੇ ਅਤੇ ਗੁਮਰਾਹਕੁੰਨ ਦਾਅਵੇ ਨਾ ਕਰਨ ਦੀ ਚੇਤਾਵਨੀ ਦਿਤੀ ਸੀ। ਅਦਾਲਤ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਰਾਮਦੇਵ ਟੀਕਾਕਰਨ ਅਤੇ ਆਧੁਨਿਕ ਦਵਾਈਆਂ ਵਿਰੁਧ ਗਲਤ ਜਾਣਕਾਰੀ ਮੁਹਿੰਮ ਚਲਾ ਰਹੇ ਹਨ।