ਸੜਕ ਦੁਰਘਟਨਾਵਾਂ ਰੋਕਣ ਲਈ ਗਡਕਰੀ ਨੇ ਵਾਹਨ ਕੰਪਨੀਆਂ ਨੂੰ ਦਿਤੀ ਕਈ ਬਦਲਾਅ ਕਰਨ ਦੀ ਸਲਾਹ
ਭਾਰਤ 'ਚ ਹਰ ਸਾਲ ਲੱਖਾਂ ਲੋਕਾਂ ਨੂੰ ਸੜਕ ਹਾਦਸਿਆਂ 'ਚ ਅਪਣੀ ਜਾਨ ਗਵਾਉਣੀ ਪੈਂਦੀ ਹੈ। ਅਕਸਰ ਲੋਕ ਸਰਕਾਰ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ...
ਨਵੀਂ ਦਿੱਲੀ, 27 ਅਪ੍ਰੈਲ : ਭਾਰਤ 'ਚ ਹਰ ਸਾਲ ਲੱਖਾਂ ਲੋਕਾਂ ਨੂੰ ਸੜਕ ਹਾਦਸਿਆਂ 'ਚ ਅਪਣੀ ਜਾਨ ਗਵਾਉਣੀ ਪੈਂਦੀ ਹੈ। ਅਕਸਰ ਲੋਕ ਸਰਕਾਰ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਕਈ ਵਾਰ ਡਰਾਈਵਰ ਦੀ ਗ਼ਲਤੀ ਨਾਲ ਵੀ ਦੁਰਘਟਨਾ ਹੋ ਜਾਂਦੀ ਹੈ ਤਾਂ ਕਈ ਵਾਰ ਦੇਖਿਆ ਗਿਆ ਹੈ ਕਿ ਸੜਕ ਅਤੇ ਵਾਹਨ ਦਾ ਡਿਜ਼ਾਇਨ ਵੀ ਇਸ ਲਈ ਜ਼ਿੰਮੇਵਾਰ ਹੁੰਦਾ ਹੈ।
ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸੜਕ ਹਾਦਸਿਆਂ 'ਤੇ ਰੋਕ ਲਗਾਉਣ ਲਈ ਵਾਹਨ ਕੰਪਨੀਆਂ ਤੋਂ ਵਾਹਨਾਂ ਦੇ ਡਿਜ਼ਾਈਨ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਅਤੇ ਟਾਇਰਾਂ 'ਚ ਸਿਲੀਕਾਨ ਦੀ ਵਰਤੋਂ ਦੀ ਸੰਭਾਵਨਾ ਤਲਾਸ਼ਣ ਲਈ ਮਿਲ ਕੇ ਕੰਮ ਕਰਨ ਨੂੰ ਕਿਹਾ ਹੈ।
ਗਡਕਰੀ ਨੇ ਭਾਰਤੀ ਵਾਹਨ ਉਦਯੋਗ ਦੇ ਮੈਬਰਾਂ ਨੂੰ ਸੁਰੱਖਿਅਤ ਡਰਾਈਵਿੰਗ ਅਭਿਆਸ ਅਪਣਾਉਣ ਲਈ ਉਤਸ਼ਾਹਤ ਕਰਨ ਲਈ ਕਿਹਾ ਹੈ। ਕੇਂਦਰੀ ਮੰਤਰੀ ਨੇ ਦੱਖਣ ਕੋਰੀਆ ਦੀ ਤਰਜ਼ 'ਤੇ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਦੀਆਂ ਸਖ਼ਤ ਕੋਸ਼ਿਸ਼ਾਂ 'ਤੇ ਵੀ ਧਿਆਨ ਦੇਣ ਨੂੰ ਕਿਹਾ ਹੈ। ਇਸ ਦੇ ਚਲਦਿਆਂ ਦੁਰਘਟਨਾਵਾਂ ਦੀ ਗਿਣਤੀ 'ਚ ਸਫ਼ਲਤਾਪੂਰਵਕ ਕਮੀ ਆਈ ਅਤੇ ਪੰਜ ਸਾਲ ਪਹਿਲਾਂ ਦੁਰਘਟਨਾਵਾਂ ਦੀ ਗਿਣਤੀ 13,000 (ਸਾਲਾਨਾ) ਤੋਂ ਘੱਟ ਕੇ 213 ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਵਾਹਨ ਨਿਰਮਾਤਾਵਾਂ ਨੂੰ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਗਡਕਰੀ ਨੇ ਸੜਕ ਸੁਰੱਖਿਆ 'ਤੇ ਕਰਵਾਏ ਇਕ ਪ੍ਰੋਗਰਾਮ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਦਸਿਆਂ ਨੂੰ ਘੱਟ ਕਰਨ ਲਈ ਟਾਇਰਾਂ 'ਚ ਸਿਲੀਕਾਨ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਹਨ ਕਿਉਂਕਿ ਤਾਪਮਾਨ 'ਚ ਵਾਧੇ ਕਾਰਨ ਟਾਇਰ ਫੱਟ ਜਾਂਦੇ ਹਨ, ਜਿਸ ਕਾਰਨ ਹਾਦਸਾ ਵਾਪਰ ਜਾਂਦਾ ਹੈ।