ਐਸ.ਈ.ਸੀ. ਨੇ ਅਡਾਨੀ ਮਾਮਲੇ ਵਿਚ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਅਮਰੀਕੀ ਅਦਾਲਤ ਨੂੰ ਸੂਚਿਤ ਕੀਤਾ 

ਏਜੰਸੀ

ਖ਼ਬਰਾਂ, ਵਪਾਰ

ਹੇਗ ਸਰਵਿਸ ਕਨਵੈਨਸ਼ਨ ਦੀਆਂ ਧਾਰਾਵਾਂ ਤਹਿਤ ਸੰਮਨ ਅਤੇ ਸ਼ਿਕਾਇਤ ਦੀ ਰਸਮੀ ਸੇਵਾ ਜਾਰੀ ਰੱਖੇਗਾ ਐਸ.ਈ.ਸੀ.

Gautam Adani

ਨਿਊਯਾਰਕ : ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸ.ਈ.ਸੀ.) ਨੇ ਨਿਊਯਾਰਕ ਦੀ ਇਕ ਸੰਘੀ ਅਦਾਲਤ ’ਚ ਸਟੇਟਸ ਅਪਡੇਟ ਦਾਇਰ ਕੀਤਾ ਹੈ, ਜਿਸ ’ਚ ਭਾਰਤੀ ਅਰਬਪਤੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਨੂੰ ਪਿਛਲੇ ਸਾਲ ਦਾਇਰ ਸਿਵਲ ਸਕਿਓਰਿਟੀਜ਼ ਮਾਮਲੇ ’ਚ ਕਾਨੂੰਨੀ ਦਸਤਾਵੇਜ਼ ਮੁਹੱਈਆ ਕਰਵਾਉਣ ਦੀਆਂ ਅਪਣੀਆਂ ਕੋਸ਼ਿਸ਼ਾਂ ਦਾ ਵੇਰਵਾ ਦਿਤਾ ਗਿਆ ਹੈ। 

ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਮੈਜਿਸਟ੍ਰੇਟ ਜੱਜ ਜੇਮਜ਼ ਆਰ. ਚੋਅ ਨੂੰ 27 ਜੂਨ ਨੂੰ ਸੌਂਪੇ ਗਏ ਪੱਤਰ ਵਿਚ ਐਸ.ਈ.ਸੀ. ਨੇ ਕਿਹਾ ਕਿ ਉਹ ਹੇਗ ਸਰਵਿਸ ਕਨਵੈਨਸ਼ਨ ਦੀਆਂ ਧਾਰਾਵਾਂ ਤਹਿਤ ਸੰਮਨ ਅਤੇ ਸ਼ਿਕਾਇਤ ਦੀ ਰਸਮੀ ਸੇਵਾ ਜਾਰੀ ਰੱਖ ਰਿਹਾ ਹੈ। ਭਾਰਤ ’ਚ ਰਹਿ ਰਹੇ ਦੋਸ਼ੀਆਂ ਨੂੰ ਅਜੇ ਅਧਿਕਾਰਤ ਤੌਰ ਉਤੇ ਸੰਮਨ ਨਹੀਂ ਦਿਤੇ ਜਾ ਸਕੇ ਹਨ।

ਅਮਰੀਕੀ ਐਸ.ਈ.ਸੀ. ਨੂੰ ਅਡਾਨੀ ਸਮੂਹ ਦੇ ਸੰਸਥਾਪਕ ਅਤੇ ਚੇਅਰਮੈਨ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਨੂੰ ਉਚਿਤ ਕੂਟਨੀਤਕ ਚੈਨਲਾਂ ਰਾਹੀਂ ਨਵਿਆਉਣਯੋਗ ਊਰਜਾ ਸਪਲਾਈ ਦੇ ਲਾਭਕਾਰੀ ਠੇਕੇ ਹਾਸਲ ਕਰਨ ਲਈ ਕਥਿਤ ਤੌਰ ਉਤੇ 26.5 ਕਰੋੜ ਡਾਲਰ ਦੇ ਭੁਗਤਾਨ ਦੇ ਮਾਮਲੇ ’ਚ ਸੰਮਨ ਜਾਰੀ ਕਰਨੇ ਹਨ ਕਿਉਂਕਿ ਉਸ ਕੋਲ ਕਿਸੇ ਵਿਦੇਸ਼ੀ ਨਾਗਰਿਕ ਨੂੰ ਸਿੱਧੇ ਤੌਰ ਉਤੇ ਤਲਬ ਕਰਨ ਦਾ ਅਧਿਕਾਰ ਖੇਤਰ ਨਹੀਂ ਹੈ। 

ਐਸ.ਈ.ਸੀ. ਨੇ ਅਸਲ ਵਿਚ 20 ਨਵੰਬਰ, 2024 ਨੂੰ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਵਲੋਂ ਸਤੰਬਰ 2021 ਦੇ ਬਾਂਡ ਦੀ ਪੇਸ਼ਕਸ਼ ਨਾਲ ਸਬੰਧਤ ਝੂਠੇ ਅਤੇ ਗੁਮਰਾਹ ਕੁੰਨ ਬਿਆਨ ਦੇ ਕੇ ਦੋ ਨੇ ਅਮਰੀਕੀ ਸਕਿਓਰਿਟੀਜ਼ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। 

ਐਸ.ਈ.ਸੀ. ਅਨੁਸਾਰ, ਸਿਵਲ ਪ੍ਰਕਿਰਿਆ ਦੇ ਸੰਘੀ ਨਿਯਮਾਂ ਦਾ ਨਿਯਮ 4 (ਐਫ) ਵਿਦੇਸ਼ੀ ਅਧਿਕਾਰ ਖੇਤਰਾਂ ਵਿਚ ਸੇਵਾ ਨੂੰ ਨਿਯੰਤਰਿਤ ਕਰਦਾ ਹੈ ਅਤੇ ਹੇਗ ਕਨਵੈਨਸ਼ਨ ਵਰਗੀਆਂ ਕੌਮਾਂਤਰੀ ਸੰਧੀਆਂ ਦੀ ਵਰਤੋਂ ਦੀ ਇਜਾਜ਼ਤ ਦਿੰਦਾ ਹੈ। ਨਿਯਮ ਸੇਵਾ ਲਈ ਕੋਈ ਖਾਸ ਸਮਾਂ ਸੀਮਾ ਲਾਗੂ ਨਹੀਂ ਕਰਦਾ, ਬਸ਼ਰਤੇ ਵਾਜਬ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋਣ।