ਸਰਕਾਰ ਹਰ ਸਾਲ ਆਰਬੀਆਈ ਦਾ 99 ਫ਼ੀ ਸਦੀ ਮੁਨਾਫ਼ਾ ਹੜੱਪ ਲੈਂਦੀ ਹੈ : ਯੇਚੁਰੀ 

ਏਜੰਸੀ

ਖ਼ਬਰਾਂ, ਵਪਾਰ

ਕਿਹਾ - ਅਰਥਵਿਵਸਥਾ ਅਤੇ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕਦੇ ਵੀ ਏਨੀ ਬੇਰਹਿਮੀ ਨਾਲ ਹਮਲਾ ਨਹੀਂ ਕੀਤਾ ਗਿਆ ਜਿੰਨਾ ਇਸ ਸਰਕਾਰ ਦੇ ਸ਼ਾਸਨ ਵਿਚ ਹੋਇਆ।

Govt 'Appropriated' 99% of RBI's Profits Since 2014: Sitaram Yechury

ਨਵੀਂ ਦਿੱਲੀ : ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਸਰਕਾਰ ਹਰ ਸਾਲ ਆਰਬੀਆਈ ਦਾ 99 ਫ਼ੀ ਸਦੀ ਮੁਨਾਫ਼ਾ ਹੜੱਪ ਲੈਂਦੀ ਹੈ। ਯੇਚੁਰੀ ਨੇ ਟਵਿਟਰ ’ਤੇ ਕਿਹਾ, ‘2014 ਤੋਂ ਮੋਦੀ ਸਰਕਾਰ ਨੇ ਅਪਣੀਆਂ ਪ੍ਰਚਾਰ ਮੁਹਿੰਮਾਂ ਲਈ ਹਰ ਸਾਲ ਆਰਬੀਆਈ ਦੇ ਮੁਨਾਫ਼ੇ ਦਾ 99 ਫ਼ੀ ਸਦੀ ਹਿੱਸਾ ਲਿਆ। ਇਸ ਵਾਰ ਤਾਂ ਉਨ੍ਹਾਂ ਇਕ ਝਟਕੇ ਵਿਚ ਹੀ 1.76 ਲੱਖ ਕਰੋੜ ਰੁਪਏ ਹੜੱਪ ਲਏ ਜਿਸ ਦੀ ਵਰਤੋਂ ਬੈਂਕਾਂ ਵਿਚ ਨਵੀਂ ਪੂੰਜੀ ਪਾਉਣ ਲਈ ਕੀਤੀ ਜਾਵੇਗੀ ਜਿਨ੍ਹਾਂ ਨੂੰ ਮੋਦੀ ਯਾਰ-ਦੋਸਤ ਲੁੱਟ ਚੁੱਕੇ ਹਨ।’ 

ਉਨ੍ਹਾਂ ਕਿਹਾ ਕਿ ਜਨਤਕ ਖੇਤਰ ਵਿਚ ਸਾਡੇ ਪ੍ਰਮੁੱਖ ਨਵਰਤਨ ਡਿੱਗਦੀ ਮੰਗ ਅਤੇ ਸਰਕਾਰ ਦੁਆਰਾ ਉਨ੍ਹਾਂ ਉਤੇ ਪਾਏ ਗਏ ਵਿੱਤੀ ਬੋਝ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਵੱਡਾ ਮੁਨਾਫ਼ਾ ਹੜੱਪਣਾ। ਕਿਸਾਨ, ਮਜ਼ਦੂਰ, ਨੌਜਵਾਨ ਅਤੇ ਔਰਤ ਮੁਲਾਜ਼ਮ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ।’ ਉਨ੍ਹਾਂ ਕਿਹਾ ਕਿ ਅਰਥਵਿਵਸਥਾ ਅਤੇ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕਦੇ ਵੀ ਏਨੀ ਬੇਰਹਿਮੀ ਨਾਲ ਹਮਲਾ ਨਹੀਂ ਕੀਤਾ ਗਿਆ ਜਿੰਨਾ ਇਸ ਸਰਕਾਰ ਦੇ ਸ਼ਾਸਨ ਵਿਚ ਹੋਇਆ।

ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਟਰਾਂਸਫ਼ਰ ਕਰਨ ਦਾ ਫ਼ੈਸਲਾ ਕੀਤਾ ਹੈ। ਰਿਜ਼ਰਵ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਬਿਮਲ ਜਾਲਾਨ ਦੀ ਪ੍ਰਧਾਨਗੀ ਵਾਲੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰਨ ਮਗਰੋਂ ਇਹ ਫ਼ੈਸਲਾ ਕੀਤਾ।