G20 ਸ਼ਿਖਰ ਸੰਮੇਲਨ ਤੋਂ ਹੋਟਲ ਉਦਯੋਗ ਨੂੰ ਰਾਹਤ, ਕਮਰਿਆਂ ਦੀ ਮੰਗ, ਕਿਰਾਇਆ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ’ਤੇ ਪੁੱਜਾ
ਜੀ20 ਮਹਿਮਾਨਾਂ ਨੂੰ ਠਹਿਰਾਉਣ ਲਈ ਪ੍ਰਮੁੱਖ ਬ੍ਰਾਂਡੇਡ ਹੋਟਲ ਸਰਕਾਰ ਦੇ ਸੰਪਰਕ ’ਚ
ਨਵੀਂ ਦਿੱਲੀ: ਭਾਰਤ ’ਚ ਹੋ ਰਹੇ ਜੀ-20 ਸ਼ਿਖਰ ਸੰਮੇਲਨ ਦੇ ਸੰਗਠਨ ਨੇ ਹੋਟਲ ਉਦਯੋਗ ਨੂੰ ਰਾਹਤ ਦਿਤੀ ਹੈ। ਹੋਟਲਜ਼ ਐਸੋਸੀਏਸ਼ਨ ਆਫ ਇੰਡੀਆ (ਐਚ.ਏ.ਆਈ.) ਦੇ ਜਨਰਲ ਸਕੱਤਰ ਐਮ.ਪੀ. ਬੇਜ਼ਬਰੂਆ ਨੇ ਕਿਹਾ ਹੈ ਕਿ ਦੇਸ਼ ’ਚ ਹੋਟਲ ਦੇ ਕਮਰਿਆਂ ਦੀ ਬੁਕਿੰਗ ਅਤੇ ਕਿਰਾਏ ਹੁਣ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਏ ਹਨ।
ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਅਤੇ ਮਹਾਨਗਰਾਂ ’ਚ ਸੈਲਾਨੀਆਂ ਦੀ ਆਵਾਜਾਈ ਨੇ ਹੋਟਲ ਉਦਯੋਗ ਨੂੰ ਰਾਹਤ ਦਿਤੀ ਹੈ।
ਪੀ.ਟੀ.ਆਈ. ਨਾਲ ਇਕ ਇੰਟਰਵਿਊ ’ਚ ਬੇਜਬਰੂਆ ਨੇ ਕਿਹਾ ਕਿ ਮੌਜੂਦਾ ਮੰਗ-ਸਪਲਾਈ ਦੀ ਸਥਿਤੀ ਦੇ ਕਾਰਨ, ਕਮਰੇ ਦੇ ਕਿਰਾਏ ਕਈ ਵਾਰ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ ਨਾਲੋਂ ਥੋੜ੍ਹਾ ਵੱਧ ਹੁੰਦੇ ਹਨ।
ਬੇਜਬਰੁਆ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਸ ਸਮੇਂ ਨਾ ਸਿਰਫ ਜੀ-20 ਤੋਂ, ਬਲਕਿ ਸੈਲਾਨੀਆਂ ਅਤੇ ਲੋਕਾਂ ਵਲੋਂ ਵੀ ਬਹੁਤ ਜ਼ਿਆਦਾ ਮੰਗ ਹੈ ਜੋ ਇਹ ਸਭ ਵੇਖਣ ਲਈ ਸ਼ਹਿਰਾਂ ’ਚ ਆ ਰਹੇ ਹਨ।’’ ਬੇਜਬਰੁਆ ਨੇ ਕਿਹਾ ਕਿ ਜ਼ਾਹਰ ਤੌਰ ’ਤੇ ਕੀਮਤਾਂ ਬਾਜ਼ਾਰ ’ਚ ਮੰਗ ਅਤੇ ਸਪਲਾਈ ਦੀ ਸਥਿਤੀ ਕਾਰਨ ਵਧੀਆਂ ਹਨ। ਉਨ੍ਹਾਂ ਨੂੰ ਪੁਛਿਆ ਗਿਆ ਸੀ ਕਿ ਜੀ-20 ਸੰਮੇਲਨ ਲਈ ਕਮਰਿਆਂ ਦੀ ਮੰਗ ਅਤੇ ਕਿਰਾਏ ਦੀਆਂ ਦਰਾਂ ਬਾਰੇ ਐੱਚ.ਏ.ਆਈ. ਨੇ ਅਪਣੇ ਮੈਂਬਰਾਂ ਤੋਂ ਕੀ ਜਾਣਕਾਰੀ ਪ੍ਰਾਪਤ ਕੀਤੀ ਹੈ।
ਕਮਰੇ ਦੇ ਕਿਰਾਏ ਅਤੇ ਬੁਕਿੰਗ ’ਤੇ ਉੱਚ ਮੰਗ ਦੇ ਪ੍ਰਭਾਵ ਬਾਰੇ ਉਨ੍ਹਾਂ ਕਿਹਾ, ‘‘ਮੂਲ ਰੂਪ ’ਚ ਮੈਂ ਜੋ ਕਹਿ ਸਕਦਾ ਹਾਂ ਉਹ ਇਹ ਹੈ ਕਿ ਮੰਗ ਅਤੇ ਕਿਰਾਇਆ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਏ ਹਨ। ਅਸਲ ’ਚ, ਕਿਰਾਏ ਕਈ ਵਾਰ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ ਨਾਲੋਂ ਵੱਧ ਵੀ ਰਹਿੰਦਾ ਹੈ। ਪਰ ਇਹ ਮੰਗ ਅਤੇ ਸਪਲਾਈ ’ਤੇ ਆਧਾਰਿਤ ਹੁੰਦਾ ਹੈ।’’
ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਕਮਰੇ ਦਾ ਕਿਰਾਇਆ ਕਿੰਨਾ ਵਧਿਆ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਉਦਯੋਗ ’ਚ ਫ਼ੀ ਸਦੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਕੁਝ ਹੋਟਲ ਉਨ੍ਹਾਂ ਵਲੋਂ ਪ੍ਰਦਾਨ ਕੀਤੀਆਂ ਸੇਵਾਵਾਂ ਲਈ ਵਿਸ਼ੇਸ਼ ਦਰਾਂ ਵਸੂਲਦੇ ਹਨ। ਇਸੇ ਤਰ੍ਹਾਂ ਛੋਟੇ ਅਤੇ ਦਰਮਿਆਨੇ ਹੋਟਲ ਅਪਣਾ ਕਿਰਾਇਆ ਵਸੂਲਦੇ ਹਨ।
ਜੀ-20 ਸੰਮੇਲਨ ਦੀਆਂ ਤਿਆਰੀਆਂ ਬਾਰੇ ਉਨ੍ਹਾਂ ਕਿਹਾ ਕਿ ਮਹਾਨਗਰਾਂ ਦੇ ਪ੍ਰਮੁੱਖ ਬ੍ਰਾਂਡੇਡ ਹੋਟਲ ਸਰਕਾਰ ਦੇ ਸੰਪਰਕ ’ਚ ਹਨ ਅਤੇ ਠਹਿਰਨ ਦੇ ਸਾਰੇ ਪ੍ਰਬੰਧ ਸਰਕਾਰ ਨਾਲ ਸਲਾਹ ਕਰ ਕੇ ਕੀਤੇ ਗਏ ਹਨ।