ਮਨ ਕੀ ਬਾਤ : ਪ੍ਰਧਾਨ ਮੰਤਰੀ ਮੋਦੀ ਨੇ ‘ਡਿਜੀਟਲ ਗ੍ਰਿਫ਼ਤਾਰੀਆਂ’ ’ਤੇ ਚਿੰਤਾ ਪ੍ਰਗਟਾਈ, ‘ਰੁਕੋ, ਸੋਚੋ ਅਤੇ ਕਾਰਵਾਈ ਕਰੋ’ ਦਾ ਮੰਤਰ ਦਿਤਾ 

ਏਜੰਸੀ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਨੇ ਐਨੀਮੇਸ਼ਨ ਦੀ ਦੁਨੀਆਂ ’ਚ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿਤਾ

Prime Minister Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਡਿਜੀਟਲ ਗ੍ਰਿਫਤਾਰੀਆਂ’ ਦੇ ਵਧਦੇ ਮਾਮਲਿਆਂ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤੋਂ ਬਚਣ ਲਈ ‘ਰੁਕੋ, ਸੋਚੋ ਅਤੇ ਕਾਰਵਾਈ ਕਰੋ’ ਬਾਰੇ ਵਧੇਰੇ ਜਾਗਰੂਕਤਾ ਫੈਲਾਉਣ। 

ਆਲ ਇੰਡੀਆ ਰੇਡੀਉ (ਏ.ਆਈ.ਆਰ.) ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 150ਵੀਂ ਕੜੀ ’ਚ ਪ੍ਰਧਾਨ ਮੰਤਰੀ ਨੇ ‘ਡਿਜੀਟਲ ਗਿ੍ਰਫਤਾਰੀ’ ਨਾਲ ਸਬੰਧਤ ਧੋਖਾਧੜੀ ਕਰਨ ਵਾਲੇ ਅਤੇ ਪੀੜਤ ਵਿਚਕਾਰ ਹੋਈ ਗੱਲਬਾਤ ਦਾ ਇਕ ਵੀਡੀਉ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਕੋਈ ਵੀ ਏਜੰਸੀ ਨਾ ਤਾਂ ਧਮਕੀ ਦਿੰਦੀ ਹੈ ਅਤੇ ਨਾ ਹੀ ਵੀਡੀਉ ਕਾਲ ’ਤੇ ਪੁੱਛ-ਪੜਤਾਲ ਕਰਦੀ ਹੈ ਅਤੇ ਨਾ ਹੀ ਪੈਸੇ ਦੀ ਮੰਗ ਕਰਦੀ ਹੈ। 

ਇੰਟਰਨੈੱਟ ਦੀ ਤੇਜ਼ੀ ਨਾਲ ਵੱਧ ਰਹੀ ਵਰਤੋਂ ਦਰਮਿਆਨ ‘ਡਿਜੀਟਲ ਗਿ੍ਰਫਤਾਰੀ’ ਧੋਖਾਧੜੀ ਦਾ ਵੱਡਾ ਜ਼ਰੀਆ ਬਣਦੀ ਜਾ ਰਹੀ ਹੈ। ਇਸ ’ਚ ਇਕ ਵਿਅਕਤੀ ਨੂੰ ਆਨਲਾਈਨ ਮਾਧਿਅਮ ਰਾਹੀਂ ਧਮਕੀ ਦਿਤੀ ਜਾਂਦੀ ਹੈ ਕਿ ਉਸ ਨੂੰ ਸਰਕਾਰੀ ਏਜੰਸੀ ਰਾਹੀਂ ‘ਗਿ੍ਰਫਤਾਰ’ ਕੀਤਾ ਗਿਆ ਹੈ ਅਤੇ ਉਸ ਨੂੰ ਜੁਰਮਾਨਾ ਭਰਨਾ ਪਵੇਗਾ। ਬਹੁਤ ਸਾਰੇ ਲੋਕ ਅਜਿਹੇ ਮਾਮਲਿਆਂ ’ਚ ਡਰ ਜਾਂਦੇ ਹਨ ਅਤੇ ਪੀੜਤ ਬਣ ਜਾਂਦੇ ਹਨ। 

ਉਨ੍ਹਾਂ ਕਿਹਾ, ‘‘ਜੇ ਤੁਹਾਨੂੰ ਇਸ ਤਰ੍ਹਾਂ ਦਾ ਫੋਨ ਆਉਂਦਾ ਹੈ, ਤਾਂ ਡਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਾਂਚ ਏਜੰਸੀ ਕਦੇ ਵੀ ਫੋਨ ਕਾਲ ਜਾਂ ਵੀਡੀਉ ਕਾਲ ’ਤੇ ਇਸ ਤਰ੍ਹਾਂ ਪੁੱਛ-ਪੜਤਾਲ ਨਹੀਂ ਕਰਦੀ।’’ ਇਸ ਤੋਂ ਬਚਣ ਲਈ ਉਨ੍ਹਾਂ ਨੇ ‘ਰੁਕੋ, ਸੋਚੋ ਅਤੇ ਕਾਰਵਾਈ ਕਰੋ’ ਦਾ ਮੰਤਰ ਦੇਸ਼ ਵਾਸੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ, ‘‘ਅਜਿਹੇ ਮਾਮਲਿਆਂ ’ਚ ਘਬਰਾਓ ਨਾ। ਸ਼ਾਂਤ ਰਹੋ। ਜਲਦਬਾਜ਼ੀ ’ਚ ਕੋਈ ਕਦਮ ਨਾ ਚੁੱਕੋ। ਅਪਣੀ ਨਿੱਜੀ ਜਾਣਕਾਰੀ ਕਿਸੇ ਨੂੰ ਨਾ ਦਿਉ। ਜੇ ਸੰਭਵ ਹੋਵੇ, ਤਾਂ ਸਕ੍ਰੀਨਸ਼ਾਟ ਲਓ ਅਤੇ ਰੀਕਾਰਡਿੰਗ ਕਰੋ।’’

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੌਮੀ ਸਾਈਬਰ ਹੈਲਪਲਾਈਨ 1930 ’ਤੇ ਡਾਇਲ ਕਰਨ ਅਤੇ cybercrime.gov.in ਨੂੰ ਰੀਪੋਰਟ ਕਰਨ ਤੋਂ ਇਲਾਵਾ ਅਜਿਹੇ ਮਾਮਲਿਆਂ ’ਚ ਪਰਵਾਰ ਅਤੇ ਪੁਲਿਸ ਨੂੰ ਸੂਚਿਤ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ, ‘‘ਸਬੂਤਾਂ ਨੂੰ ਸੁਰੱਖਿਅਤ ਰੱਖੋ। ਇਹ ਤਿੰਨ ਕਦਮ ਤੁਹਾਡੀ ਡਿਜੀਟਲ ਸੁਰੱਖਿਆ ਦੇ ਰੱਖਿਅਕ ਬਣ ਜਾਣਗੇ। ਮੈਂ ਦੁਬਾਰਾ ਕਹਾਂਗਾ, ‘ਡਿਜੀਟਲ ਗ੍ਰਿਫਤਾਰੀ’ ਵਰਗੀ ਕੋਈ ਚੀਜ਼ ਨਹੀਂ ਹੈ। ਇਹ ਸਿਰਫ ਧੋਖਾਧੜੀ, ਝੂਠ ਅਤੇ ਧੋਖਾ ਹੈ। ਬਦਮਾਸ਼ਾਂ ਦਾ ਗਿਰੋਹ ਅਜਿਹਾ ਕਰ ਰਿਹਾ ਹੈ ਅਤੇ ਜੋ ਅਜਿਹਾ ਕਰ ਰਹੇ ਹਨ ਉਹ ਸਮਾਜ ਦੇ ਦੁਸ਼ਮਣ ਹਨ।’’ 

ਮੋਦੀ ਨੇ ਅਪਣੇ ਸੰਬੋਧਨ ਦੌਰਾਨ ਸਵੈ-ਨਿਰਭਰ ਭਾਰਤ ਮੁਹਿੰਮ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਦੇਸ਼ ਦੀ ਸਮੂਹਿਕ ਚੇਤਨਾ ਦਾ ਹਿੱਸਾ ਬਣ ਗਿਆ ਹੈ ਅਤੇ ਹਰ ਕਦਮ ’ਤੇ ਸਾਡੀ ਪ੍ਰੇਰਣਾ ਅਤੇ ਜਨੂੰਨ ਬਣ ਗਿਆ ਹੈ। ਲੱਦਾਖ ਦੇ ਹੈਨਲੇ ’ਚ ਏਸ਼ੀਆ ਦੇ ਸੱਭ ਤੋਂ ਵੱਡੇ ‘ਇਮੇਜਿੰਗ ਟੈਲੀਸਕੋਪ ਮੈਸ’ ਦੇ ਉਦਘਾਟਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ‘ਮੇਡ ਇਨ ਇੰਡੀਆ‘ ਵੀ ਹੈ। ਇਸ ਪ੍ਰਾਪਤੀ ਨੂੰ ‘ਆਤਮ ਨਿਰਭਰ ਭਾਰਤ ਦੀ ਸ਼ਕਤੀ’ ਦਸਦੇ ਹੋਏ ਉਨ੍ਹਾਂ ਨੇ ਸਰੋਤਿਆਂ ਨੂੰ ਕਿਹਾ, ‘‘ਅਜਿਹੀ ਜਗ?ਹਾ ਦੀ ਕਲਪਨਾ ਕਰੋ ਜਿੱਥੇ ਮਨਫ਼ੀ 30 ਡਿਗਰੀ ਸੈਲਸੀਅਸ ਦੀ ਠੰਡ ਹੈ ਅਤੇ ਜਿੱਥੇ ਆਕਸੀਜਨ ਦੀ ਕਮੀ ਹੈ, ਸਾਡੇ ਵਿਗਿਆਨੀਆਂ ਅਤੇ ਸਥਾਨਕ ਉਦਯੋਗ ਨੇ ਉਹ ਕੀਤਾ ਹੈ ਜੋ ਏਸ਼ੀਆ ਦੇ ਕਿਸੇ ਹੋਰ ਦੇਸ਼ ਨੇ ਨਹੀਂ ਕੀਤਾ।’’

ਪ੍ਰਧਾਨ ਮੰਤਰੀ ਨੇ ਐਨੀਮੇਸ਼ਨ ਦੀ ਦੁਨੀਆਂ ’ਚ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿਤਾ

ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਐਨੀਮੇਸ਼ਨ ਦੀ ਦੁਨੀਆਂ ’ਚ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਸਿਰਜਣਾਤਮਕ ਊਰਜਾ ਦੀ ਲਹਿਰ ਹੈ ਅਤੇ ਐਨੀਮੇਸ਼ਨ ਦੀ ਦੁਨੀਆਂ ’ਚ ‘ਮੇਡ ਇਨ ਇੰਡੀਆ’ ਅਤੇ ‘ਮੇਡ ਬਾਈ ਇੰਡੀਅਨਜ਼’ ਦਾ ਦਬਦਬਾ ਹੈ। ਉਨ੍ਹਾਂ ਕਿਹਾ ਕਿ ਭਾਰਤ ਐਨੀਮੇਸ਼ਨ ਦੀ ਦੁਨੀਆਂ ’ਚ ਇਕ ਨਵੀਂ ਕ੍ਰਾਂਤੀ ਦੇ ਰਾਹ ’ਤੇ ਹੈ ਜਦਕਿ ‘ਗੇਮਿੰਗ ਸੈਕਟਰ’ ਵੀ ਫੈਲ ਰਿਹਾ ਹੈ ਅਤੇ ਵਿਸ਼ਵ ’ਚ ਪ੍ਰਸਿੱਧ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਆਤਮ ਨਿਰਭਰ ਬਣ ਰਿਹਾ ਹੈ ਅਤੇ ਹਰ ਖੇਤਰ ’ਚ ਚਮਤਕਾਰ ਕਰ ਰਿਹਾ ਹੈ। 

ਛੋਟਾ ਭੀਮ, ਕ੍ਰਿਸ਼ਨਾ, ਹਨੂੰਮਾਨ ਅਤੇ ਮੋਟੂ-ਪਤਲੂ ਵਰਗੇ ਐਨੀਮੇਸ਼ਨ ਕਿਰਦਾਰਾਂ ਦੀ ਪ੍ਰਸਿੱਧੀ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਉਹ ਨਾ ਸਿਰਫ ਭਾਰਤ ਦੇ, ਬਲਕਿ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਵੀ ਬਹੁਤ ਆਕਰਸ਼ਿਤ ਕਰਦੇ ਹਨ ਅਤੇ ਦੁਨੀਆਂ ਭਰ ਵਿਚ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਉਨ੍ਹਾਂ ਕਿਹਾ, ‘‘ਭਾਰਤ ਐਨੀਮੇਸ਼ਨ ਦੀ ਦੁਨੀਆਂ ’ਚ ਨਵੀਂ ਕ੍ਰਾਂਤੀ ਲਿਆਉਣ ਦੇ ਰਾਹ ’ਤੇ ਹੈ। ਭਾਰਤ ਦਾ ਗੇਮਿੰਗ ਸਪੇਸ ਵੀ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤੀ ਗੇਮਸ ਵੀ ਇਨ੍ਹੀਂ ਦਿਨੀਂ ਪੂਰੀ ਦੁਨੀਆਂ ’ਚ ਪ੍ਰਸਿੱਧ ਹੋ ਰਹੀਆਂ ਹਨ।’’

ਭਾਰਤ ਦੇ ਪ੍ਰਮੁੱਖ ਗੇਮਰਸ ਨਾਲ ਅਪਣੀ ਹਾਲੀਆ ਮੁਲਾਕਾਤ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, ‘‘ਦੇਸ਼ ’ਚ ਸਿਰਜਣਾਤਮਕ ਊਰਜਾ ਦੀ ਲਹਿਰ ਚੱਲ ਰਹੀ ਹੈ। ਐਨੀਮੇਸ਼ਨ ਦੀ ਦੁਨੀਆਂ ’ਚ ‘ਮੇਡ ਇਨ ਇੰਡੀਆ’ ਅਤੇ ‘ਮੇਡ ਬਾਈ ਇੰਡੀਅਨਜ਼’ ਦਾ ਦਬਦਬਾ ਹੈ।’’

ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਭਾਰਤੀ ਪ੍ਰਤਿਭਾ ਵਿਸ਼ਵ ਪੱਧਰ ’ਤੇ ਗੇਮਿੰਗ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ‘ਸਪਾਈਡਰ ਮੈਨ’ ਅਤੇ ‘ਟਰਾਂਸਫਾਰਮਰਜ਼’ ਵਰਗੀਆਂ ਫਿਲਮਾਂ ’ਚ ਭਾਰਤੀ ਐਨੀਮੇਟਰ ਹਰੀ ਨਰਾਇਣ ਰਾਜੀਵ ਦੇ ਯੋਗਦਾਨ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਭਾਰਤ ਦੇ ਨੌਜੁਆਨ ਹੁਣ ਅਸਲ ਸਮੱਗਰੀ ਤਿਆਰ ਕਰ ਰਹੇ ਹਨ ਜੋ ਦੇਸ਼ ਦੇ ਸਭਿਆਚਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, ‘‘ਐਨੀਮੇਸ਼ਨ ਸੈਕਟਰ ਇਕ ਉਦਯੋਗ ਬਣ ਗਿਆ ਹੈ ਜੋ ਹੋਰ ਉਦਯੋਗਾਂ ਨੂੰ ਤਾਕਤ ਦੇ ਰਿਹਾ ਹੈ।’’

28 ਅਕਤੂਬਰ ਨੂੰ ਵਿਸ਼ਵ ਐਨੀਮੇਸ਼ਨ ਦਿਵਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਐਨੀਮੇਸ਼ਨ ਦੀ ਦੁਨੀਆਂ ’ਚ ਭਾਰਤ ਨੂੰ ਇਕ ‘ਪਾਵਰਹਾਊਸ’ ਬਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿਤਾ। 

ਆਜ਼ਾਦੀ ’ਚ ਯੋਗਦਾਨ ਪਾਉਣ ਵਾਲੇ ਮਹਾਪੁਰਸ਼ ਇਤਿਹਾਸ ’ਚ ਗੁਆਚ ਨਹੀਂ ਜਾਂਦੇ, ਭਵਿੱਖ ਦਾ ਰਸਤਾ ਵਿਖਾਉਂਦੇ ਨੇ : ਮੋਦੀ 

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਬਿਰਸਾ ਮੁੰਡਾ ਅਤੇ ਸਰਦਾਰ ਪਟੇਲ ਦੀ 150ਵੀਂ ਜਯੰਤੀ ਦੇ ਸਾਲ ਨੂੰ ਜੀਵੰਤ ਬਣਾਉਣ ਲਈ ਐਤਵਾਰ ਨੂੰ ਦੇਸ਼ ਵਾਸੀਆਂ ਦੀ ਸ਼ਮੂਲੀਅਤ ਦਾ ਸੱਦਾ ਦਿਤਾ ਅਤੇ ਕਿਹਾ ਕਿ ਆਜ਼ਾਦੀ ਅੰਦੋਲਨ ’ਚ ਯੋਗਦਾਨ ਪਾਉਣ ਵਾਲੇ ਮਹਾਪੁਰਸ਼ ਇਤਿਹਾਸ ’ਚ ਗੁਆਚ ਨਹੀਂ ਜਾਂਦੇ ਪਰ ਉਨ੍ਹਾਂ ਦਾ ਜੀਵਨ ਵਰਤਮਾਨ ਨੂੰ ਭਵਿੱਖ ਦਾ ਰਸਤਾ ਵਿਖਾਉਂਦਾ ਹੈ। 

ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਏ.ਆਈ.ਆਰ. ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 150ਵੀਂ ਕੜੀ ’ਚ ਅਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਉਲੀਹਾਤੂ ਦੀ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਦੇ ਵਿਸ਼ੇਸ਼ ਪਲਾਂ ’ਚੋਂ ਇਕ ਸੀ ਜਿਸ ਦਾ ਉਨ੍ਹਾਂ ’ਤੇ ਬਹੁਤ ਅਸਰ ਪਿਆ। ਉਨ੍ਹਾਂ ਯਾਦ ਦਿਵਾਇਆ ਕਿ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਇਸ ਪਵਿੱਤਰ ਧਰਤੀ ਦੀ ਮਿੱਟੀ ਨੂੰ ਸਿਰ ਨਾਲ ਲਗਾਉਣ ਦਾ ਸੁਭਾਗ ਮਿਲਿਆ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ’ਚ ਹਰ ਯੁੱਗ ’ਚ ਕੁੱਝ ਚੁਨੌਤੀਆਂ ਆਈਆਂ ਹਨ ਅਤੇ ਹਰ ਯੁੱਗ ’ਚ ਅਸਾਧਾਰਣ ਭਾਰਤੀ ਹਨ ਜਿਨ੍ਹਾਂ ਨੇ ਇਨ੍ਹਾਂ ਚੁਨੌਤੀ ਆਂ ਦਾ ਸਾਹਮਣਾ ਕੀਤਾ ਹੈ। ਇਸ ਲੜੀ ’ਚ ਬਿਰਸਾ ਮੁੰਡਾ ਅਤੇ ਸਰਦਾਰ ਪਟੇਲ ਦਾ ਜ਼ਿਕਰ ਕੀਤਾ ਗਿਆ ਸੀ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੋਹਾਂ ਆਜ਼ਾਦੀ ਘੁਲਾਟੀਆਂ ਦੀ 150ਵੀਂ ਜਯੰਤੀ ਮਨਾਉਣ ਦਾ ਫੈਸਲਾ ਕੀਤਾ ਹੈ। ਸਰਦਾਰ ਪਟੇਲ ਦੀ ਜਯੰਤੀ ਸਾਲ 31 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ 15 ਨਵੰਬਰ ਤੋਂ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਮਹਾਪੁਰਖਾਂ ਨੇ ਵੱਖ-ਵੱਖ ਚੁਨੌਤੀਆਂ ਵੇਖੀਆਂ ਪਰ ਉਨ੍ਹਾਂ ਦਾ ਦ੍ਰਿਸ਼ਟੀਕੋਣ ਇਕੋ ਸੀ- ‘ਦੇਸ਼ ਦੀ ਏਕਤਾ’। ਝਾਰਖੰਡ ’ਚ 13 ਅਤੇ 20 ਨਵੰਬਰ ਨੂੰ ਦੋ ਪੜਾਵਾਂ ’ਚ ਵੋਟਾਂ ਪੈਣਗੀਆਂ।