ਮਹਾਦੇਵ ਐਪ ਦਾ ਮਾਲਕ ਸੌਰਭ ਚੰਦਰਕਰ ਦੁਬਈ ’ਚ ਹਿਰਾਸਤ ’ਚ ਲਿਆ ਗਿਆ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਜਾਂਚ ਏਜੰਸੀਆਂ ਚੌਕਸ, ਭਾਰਤ ਹਵਾਲਗੀ ਬਾਰੇ ਕੂਟਨੀਤਕ ਵਿਕਲਪਾਂ ’ਤੇ ਕੰਮ ਸ਼ੁਰੂ

Saurabh Chandrakar

ਮੁੰਬਈ/ਰਾਏਪੁਰ: ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ’ਚੋਂ ਇਕ ਸੌਰਭ ਚੰਦਰਕਰ ਨੂੰ ਦੁਬਈ ’ਚ ਨਜ਼ਰਬੰਦ ਕਰ ਲਿਆ ਗਿਆ ਹੈ, ਜਦਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਸਮੇਤ ਕਈ ਭਾਰਤੀ ਜਾਂਚ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਉਸ ਨੂੰ ਭਾਰਤ ਹਵਾਲੇ ਕਰਨ ਲਈ ਕੂਟਨੀਤਕ ਵਿਕਲਪਾਂ ’ਤੇ ਕੰਮ ਕਰ ਰਹੀਆਂ ਹਨ। ਅਧਿਕਾਰਤ ਸੂਤਰਾਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। 

ਸੂਤਰਾਂ ਮੁਤਾਬਕ ਈ.ਡੀ. ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ  (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਛੇਤੀ ਹੀ ਨਵੀਂ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਈ.ਡੀ. ਦੀ ਸਲਾਹ ’ਤੇ ਇੰਟਰਪੋਲ ਨੇ ਸੱਟੇਬਾਜ਼ੀ ਅਤੇ ਗੇਮਿੰਗ ਐਪ ਦੇ ਇਕ ਹੋਰ ਪ੍ਰਮੋਟਰ ਰਵੀ ਉੱਪਲ ਵਿਰੁਧ ਰੈੱਡ ਨੋਟਿਸ (ਆਰ.ਐਨ.) ਜਾਰੀ ਕੀਤਾ ਸੀ, ਜਿਸ ’ਤੇ ਕਾਰਵਾਈ ਕਰਦਿਆਂ ਉਸ ਨੂੰ ਦੁਬਈ ਦੇ ਸਥਾਨਕ ਅਧਿਕਾਰੀਆਂ ਨੇ ਹਿਰਾਸਤ ’ਚ ਲੈ ਲਿਆ ਸੀ। ਉੱਪਲ ਨੂੰ ਹਿਰਾਸਤ ’ਚ ਲਏ ਜਾਣ ਦੇ ਕੁੱਝ ਹਫ਼ਤਿਆਂ ਬਾਅਦ ਇਹ ਘਟਨਾਕ੍ਰਮ ਹੋਇਆ ਹੈ। ਸੂਤਰਾਂ ਨੇ ਦਸਿਆ  ਕਿ ਸੰਘੀ ਏਜੰਸੀ ਨੂੰ ਚੰਦਰਕਰ ਦੇ ਦੁਬਈ ਸਥਿਤ ਟਿਕਾਣੇ ਬਾਰੇ ਸੂਚਿਤ ਕਰ ਦਿਤਾ ਗਿਆ ਹੈ ਅਤੇ ਉਸ ਨੂੰ ਨਜ਼ਰਬੰਦ ਕਰ ਦਿਤਾ ਗਿਆ ਹੈ। 

ਸੂਤਰਾਂ ਨੇ ਦਸਿਆ  ਕਿ ਭਾਰਤੀ ਏਜੰਸੀਆਂ ਮਨੀ ਲਾਂਡਰਿੰਗ ਮਾਮਲੇ ਵਿਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਨੂੰ ਵਾਪਸ ਲਿਆਉਣ ਲਈ ਕੂਟਨੀਤਕ ਵਿਕਲਪਾਂ ’ਤੇ ਕੰਮ ਕਰ ਰਹੀਆਂ ਹਨ ਜਦਕਿ ਪੁਲਿਸ ‘ਮਹਾਦੇਵ ਬੁੱਕ ਆਨਲਾਈਨ’ ਐਪ ਦੀਆਂ ਕਥਿਤ ਗੈਰਕਾਨੂੰਨੀ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਦੇ ਛੱਤੀਸਗੜ੍ਹ ਅਤੇ ਹੋਰ ਥਾਵਾਂ ’ਤੇ ਸਿਆਸੀ ਸਬੰਧ ਹੋ ਸਕਦੇ ਹਨ। 

ਈ.ਡੀ. ਇਸ ਮਾਮਲੇ ਦੇ ਸਬੰਧ ’ਚ ਨਵੰਬਰ ’ਚ ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਵਿਰੁਧ ਨਵੀਂ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਪੁਲਿਸ ਨੇ ਅਸੀਮ ਦਾਸ ਅਤੇ ਕਾਂਸਟੇਬਲ ਭੀਮ ਯਾਦਵ ਨੂੰ ਕਥਿਤ ਪੈਸੇ ਦੇ ਲੈਣ-ਦੇਣ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਸੀ। ਏਜੰਸੀ ਨੇ ਰਾਏਪੁਰ ’ਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੀ ਵਿਸ਼ੇਸ਼ ਅਦਾਲਤ ’ਚ ਦਾਇਰ ਅਪਣੀ ਪਹਿਲੀ ਚਾਰਜਸ਼ੀਟ ’ਚ ਚੰਦਰਕਰ ਅਤੇ ਉੱਪਲ ਸਮੇਤ ਕੁੱਝ ਹੋਰ ਲੋਕਾਂ ਦਾ ਨਾਂ ਲਿਆ ਸੀ।