ਸੋਨੇ ਅਤੇ ਚਾਂਦੀ ਦੀ ਚਮਕ ਨੇ ਬਣਾਇਆ ਨਵਾਂ ਰਿਕਾਰਡ
ਚਾਂਦੀ ’ਚ 15 ਹਜ਼ਾਰ ਰੁਪਏ ਦੀ ਤੇਜ਼ੀ, ਸੋਨਾ ਵੀ 5000 ਰੁਪਏ ਵਧਿਆ
ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰਾਂ ’ਚ ਮਜ਼ਬੂਤ ਖਰੀਦਦਾਰੀ ਦੇ ਰੁਝਾਨ ਦੇ ਮੱਦੇਨਜ਼ਰ ਦੇਸ਼ ਦੀ ਰਾਜਧਾਨੀ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆਉਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ। ਬਾਜ਼ਾਰਾਂ ਮੁਤਾਬਕ ਚਾਂਦੀ ਦੀ ਕੀਮਤ ਲਗਾਤਾਰ ਤੀਜੇ ਦਿਨ 15,000 ਰੁਪਏ ਜਾਂ 4.05 ਫੀ ਸਦੀ ਦੇ ਵਾਧੇ ਨਾਲ 3,85,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈ। ਸਰਾਫਾ ਬਾਜ਼ਾਰਾਂ ’ਚ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਵੀ 5,000 ਰੁਪਏ ਜਾਂ 3 ਫੀ ਸਦੀ ਵਧ ਕੇ 1,71,000 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ - ਕਮੋਡਿਟੀਜ਼ ਸੌਮਿਲ ਗਾਂਧੀ ਨੇ ਕਿਹਾ, ‘‘ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਇਕ ਮਜ਼ਬੂਤ ਅਤੇ ਨਿਰੰਤਰ ਵਾਧਾ ਜਾਰੀ ਹੈ, ਜਿਸ ਨਾਲ ਤੇਜੜੀਆਂ ਨੂੰ ਕੀਮਤਾਂ ਨੂੰ ਵਧਾਉਣ ਲਈ ਲਗਭਗ ਹਰ ਰੋਜ਼ ਨਵੇਂ ਉਤਪ੍ਰੇਰਕ ਮਿਲ ਰਹੇ ਹਨ।’’ ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਮੁੱਖ ਤੌਰ ਉਤੇ ਭੂ-ਸਿਆਸੀ ਤਣਾਅ ਅਤੇ ਵਪਾਰ ਨਾਲ ਸਬੰਧਤ ਨਿਰੰਤਰ ਅਨਿਸ਼ਚਿਤਤਾਵਾਂ ਦਾ ਸਮਰਥਨ ਮਿਲਿਆ ਹੈ, ਜਿਸ ਨੇ ਕੀਮਤੀ ਧਾਤਾਂ ਦੀ ਸੁਰੱਖਿਅਤ ਪਨਾਹਗਾਹ ਦੀ ਮੰਗ ਨੂੰ ਵਧਾ ਦਿਤਾ ਹੈ।