ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀਆਂ ਦੀ ਗਿਣਤੀ ’ਚ ਵਾਧਾ, ਜਨਵਰੀ 2025 ’ਚ ਹੁਣ ਤੱਕ ਦੀ ਸਭ ਤੋਂ ਵੱਧ ਕੌਮਾਂਤਰੀ ਯਾਤਰੀਆਂ ਦੀ ਆਵਾਜਾਈ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਤੋਂ ਪਹਿਲਾਂ ਦਸੰਬਰ 2024 ਵਿੱਚ ਸਭ ਤੋਂ ਵੱਧ 1.11 ਲੱਖ ਯਾਤਰੀਆਂ ਦੀ ਗਿਣਤੀ ਕੀਤੀ ਗਈ ਸੀ ਦਰਜ

Increase in the number of passengers at Amritsar airport

ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਜਨਵਰੀ 2025 ‘ਚ ਕੌਮਾਂਤਰੀ ਯਾਤਰੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਆਵਾਜਾਈ ਦਰਜ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ। ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗਮਟਾਲਾ ਨੇ ਦੱਸਿਆ ਕਿ ਹਵਾਈ ਅੱਡੇ ਨੇ ਜਨਵਰੀ 2025 ‘ਚ ਹੁਣ ਤੱਕ ਦੀ ਸਭ ਤੋਂ ਵੱਧ 1.14 ਲੱਖ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 1.11 ਲੱਖ ਯਾਤਰੀਆਂ ਦੀ ਗਿਣਤੀ ਦਸੰਬਰ 2024 ਵਿੱਚ ਦਰਜ ਕੀਤੀ ਗਈ ਸੀ।

ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਘਰੇਲੂ ਆਵਾਜਾਈ ਵਿੱਚ ਵੀ ਕੁੱਲ 2.10 ਲੱਖ ਯਾਤਰੀਆਂ ਨਾਲ 19.5 ਫ਼ੀ ਸਦੀ ਦਾ ਵੱਡਾ ਵਾਧਾ ਹੋਇਆ ਹੈ। ਜਨਵਰੀ 2024 ਵਿੱਚ ਇਹ ਗਿਣਤੀ 1.76 ਲੱਖ ਯਾਤਰੀ ਦਰਜ ਹੋਈ ਸੀ ਅਤੇ ਹੁਣ ਜਨਵਰੀ ਦੇ ਮਹੀਨੇ ਕੁੱਲ ਯਾਤਰੀਆਂ ਦੀ ਗਿਣਤੀ ਲਗਪਗ 3.24 ਲੱਖ ਰਹੀ ਹੈ, ਜੋ 18.6 ਫ਼ੀ ਸਦ ਵੱਧ ਹੈ।

ਇਸ ਵਾਧੇ ਦਾ ਮੁੱਖ ਕਾਰਨ ਥਾਈ ਲਾਇਨ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਵਲੋਂ ਬੈਂਕਾਕ ਲਈ ਸਾਲ 2024 ਦੇ ਅੰਤ ਵਿੱਚ ਸ਼ੁਰੂ ਕੀਤੀਆਂ ਗਈਆਂ ਨਵੀਆਂ ਉਡਾਣਾਂ, ਏਅਰ ਇੰਡੀਆ ਦੀ ਬਰਮਿੰਘਮ, ਨਿਓਸ ਏਅਰ ਦੀ ਮਿਲਾਨ ਤੇ ਮਲੇਸ਼ੀਆ ਏਅਰਲਾਈਨ ਦੀ ਕੁਆਲਾਲੰਪੁਰ ਲਈ ਉਡਾਣਾਂ ਦੀ ਵਧਾਈ ਗਈ ਗਿਣਤੀ ਅਤੇ ਵਧੇਰੇ ਪੰਜਾਬੀਆਂ ਵੱਲੋਂ ਦਿੱਲੀ ਜਾਣ ਦੀ ਬਜਾਏ ਅੰਮ੍ਰਿਤਸਰ ਰਾਹੀਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਤਰਜੀਹ ਦੇਣਾ ਹੈ।

ਅੰਕੜਿਆਂ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ ਦੀ ਕੁੱਲ ਗਿਣਤੀ ਜਨਵਰੀ 2024 ਵਿੱਚ 510 ਤੋਂ 20.2 ਫ਼ੀਸਦੀ ਵਧ ਕੇ ਜਨਵਰੀ 2025 ਵਿੱਚ 610 ਹੋ ਗਈ। ਘਰੇਲੂ ਉਡਾਣਾਂ ਦੀ ਆਵਾਜਾਈ ਵਿੱਚ ਵੀ 16.4 ਫ਼ੀਸਦੀ ਦਾ ਇਜ਼ਾਫ਼ਾ ਹੋਇਆ ਹੈ।

ਯਾਤਰੀਆਂ ਦੀ ਵਧ ਰਹੀ ਆਵਾਜਾਈ ਨੂੰ ਦੇਖਦਿਆਂ ਉਨ੍ਹਾਂ ਟਰਮੀਨਲ ਦੇ ਤੁਰੰਤ ਵਿਸਤਾਰ ਦੀ ਜ਼ਰੂਰਤ ਦੇ ਨਾਲ ਨਾਲ ਪਾਰਕਿੰਗ ਅਤੇ ਹੋਰ ਯਾਤਰੀ ਸੁਵਿਧਾਵਾਂ ਦੇ ਸੁਧਾਰ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਹੈ।  ਅੰਮ੍ਰਿਤਸਰ ਹਵਾਈ ਅੱਡੇ ਤੋਂ ਇਸ ਵੇਲੇ ਲੰਡਨ, ਬਰਮਿੰਘਮ, ਮਿਲਾਨ, ਰੋਮ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ, ਕੁਆਲਾਲੰਪੁਰ, ਬੈਂਕਾਕ ਸਮੇਤ 10 ਅੰਤਰਰਾਸ਼ਟਰੀ ਅਤੇ 12 ਘਰੇਲੂ ਹਵਾਈ ਅੱਡਿਆਂ ਨਾਲ ਸਿੱਧਾ ਹਵਾਈ ਸੰਪਰਕ ਹੈ।