ਟਵਿਟਰ ਨੇ ਬਿਟਕਾਇਨ ਦੇ ਇਸ਼ਤਿਹਾਰਾਂ 'ਤੇ ਲਗਾਈ ਰੋਕ, 8000 ਡਾਲਰ ਤੋਂ ਵੀ ਘੱਟ ਹੋਈ ਕੀਮਤ
ਟਵਿਟਰ ਤੋਂ ਕਰਿਪਟੋਕਰੰਸੀਜ਼ ਦੇ ਇਸ਼ਤਿਹਾਰਾਂ 'ਤੇ ਰੋਕ ਲਗਾਉਣ ਤੋਂ ਬਾਅਦ ਬਿਟਕਾਇਨ ਦੀ ਕੀਮਤ 7 ਫ਼ੀ ਸਦੀ ਤਕ ਘੱਟ ਹੋ ਕੇ 7,886 ਡਾਲਰ 'ਤੇ ਆ ਗਈ ਹੈ।
ਨਵੀਂ ਦਿੱਲੀ: ਟਵਿਟਰ ਤੋਂ ਕਰਿਪਟੋਕਰੰਸੀਜ਼ ਦੇ ਇਸ਼ਤਿਹਾਰਾਂ 'ਤੇ ਰੋਕ ਲਗਾਉਣ ਤੋਂ ਬਾਅਦ ਬਿਟਕਾਇਨ ਦੀ ਕੀਮਤ 7 ਫ਼ੀ ਸਦੀ ਤਕ ਘੱਟ ਹੋ ਕੇ 7,886 ਡਾਲਰ 'ਤੇ ਆ ਗਈ ਹੈ। ਉਥੇ ਹੀ, ਫ਼ੇਸਬੁਕ ਅਤੇ ਗੂਗਲ ਨੇ ਵੀ ਮਾਰਕੀਟ 'ਚ ਫ਼ਰਜ਼ੀ ਕਾਇਨ ਆਉਣ ਦੇ ਘਪਲੇ ਕਾਰਨ ਇਨ੍ਹਾਂ ਦੇ ਇਸ਼ਤਿਹਾਰਾਂ 'ਤੇ ਰੋਕ ਲਗਾ ਦਿਤੀ ਹੈ।
ਇਸ ਦਾ ਖ਼ਮਿਆਜ਼ਾ ਬਿਟਕਾਇਨ ਨੂੰ ਭੁਗਤਣਾ ਪੈ ਰਿਹਾ ਹੈ। ਇਹ ਇਕ ਦਿਨ ਪਹਿਲਾਂ ਦੇ ਮੁਕਾਬਲੇ 600 ਡਾਲਰ ਘੱਟ ਹੈ। ਗਲੋਬਲ ਡਾਟਾ ਏਜੰਸੀ ਕਾਇਨਬੇਸ ਮੁਤਾਬਕ ਇਹ ਇਸ ਸਾਲ ਦੀ ਸ਼ੁਰੂਆਤ ਮੁਕਾਬਲੇ 42 ਫ਼ੀ ਸਦੀ ਦੀ ਗਿਰਾਵਟ ਹੈ ਕਿਉਂਕਿ 2018 ਦੀ ਸ਼ੁਰੂਆਤ 'ਚ ਬਿਟਕਾਇਨ ਦੀ ਕੀਮਤ 13,000 ਡਾਲਰ ਤੋਂ ਵੀ ਜ਼ਿਆਦਾ ਸੀ।
ਜਨਵਰੀ 'ਚ ਵੀ ਡਿੱਗੀ ਸੀ ਕੀਮਤ
ਇਸ ਤੋਂ ਪਹਿਲਾਂ ਜਨਵਰੀ 'ਚ ਵੀ ਕਰਿਪਟੋਕਰੰਸੀ 'ਚ ਉਸ ਸਮੇਂ 12 ਫ਼ੀ ਸਦੀ ਦੀ ਗਿਰਾਵਟ ਆਈ ਸੀ। ਜਦੋਂ ਦੁਨੀਆਂ ਦੀ ਦੂਜੇ ਨੰਬਰ ਦੀ ਐਡ ਪ੍ਰੋਵਾਈਡਰ ਕੰਪਨੀ ਫ਼ੇਸਬੁਕ ਨੇ ਇਹ ਕਹਿੰਦੇ ਹੋਏ ਕਰਿਪਟੋਕਰੰਸੀ ਦੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾ ਦਿਤੀ ਸੀ ਕਿ ਇਸ ਤੋਂ ਅਜਿਹੇ ਵਿੱਤੀ ਉਤਪਾਦਾਂ ਅਤੇ ਸੇਵਾਵਾਂ 'ਤੇ ਲਗਾਮ ਲਗੇਗਾ ਜੋ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਹਨ।
ਇਸ ਤੋਂ ਇਲਾਵਾ ਦੁਨੀਆਂ ਦੇ ਸੱਭ ਤੋਂ ਵੱਡੇ ਆਨਲਾਈਨ ਇਸ਼ਤਿਹਾਰ ਪਲੇਟਫ਼ਾਰਮ ਗੂਗਲ ਨੇ ਮਾਰਚ 'ਚ ਅਪਣੀ ਵਿੱਤੀ ਸੇਵਾਵਾਂ ਦੀ ਨੀਤੀ ਨਾਲ ਜੁਡ਼ੀ ਇਕ ਘੋਸ਼ਣਾ ਕੀਤੀ ਜਿਸ ਕਾਰਨ ਜੂਨ ਤੋਂ ਕਰਿਪਟੋਕਰੰਸੀਜ਼ ਅਤੇ ਉਸ ਨਾਲ ਸਬੰਧਤ ਇਸ਼ਤਿਹਾਰ 'ਤੇ ਰੋਕ ਲਗਾ ਦਿਤੀ ਗਈ।
12 ਲੱਖ ਹੋ ਗਈ ਸੀ ਇਕ ਬਿਟਕਾਇਨ ਦੀ ਕੀਮਤ
ਦਸ ਦਈਏ ਕਿ 17 ਦਿਸੰਬਰ ਨੂੰ ਇਕ ਬਿਟਕਾਇਨ ਦਾ ਮੁੱਲ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ 19,865 ਡਾਲਰ (12 ਲੱਖ ਰੁਪਏ) ਤਕ ਪਹੁੰਚ ਗਿਆ ਸੀ ਪਰ ਕੁੱਝ ਹੀ ਦਿਨਾਂ ਬਾਅਦ ਹੀ ਉਸ ਦੀ ਕੀਮਤ 22 ਦਿਸੰਬਰ ਨੂੰ 12,000 ਡਾਲਰ ਰਹਿ ਗਈ। ਉੱਥੇ ਹੀ ਹੁਣ ਬਿਟਕਾਇਨ ਦੀ ਕੀਮਤ 7,886 ਡਾਲਰ (5 ਲੱਖ ਰੁਪਏ) 'ਤੇ ਆ ਗਈ ਹੈ। ਅਜਿਹੇ 'ਚ ਬਿਟਕਾਇਨ ਦੀ ਕੀਮਤ 'ਚ 60 ਫ਼ੀ ਸਦੀ ਦੀ ਕਮੀ ਆਈ ਹੈ।