ਬੈਂਕਾਂ 'ਚ ਰੱਖੇ ਸਿੱਕਿਆਂ ਨੂੰ ਬਾਜ਼ਾਰ 'ਚ ਲਿਆਉਣ 'ਤੇ ਜ਼ੋਰ ਦੇ ਰਿਹੈ ਆਰ.ਬੀ.ਆਈ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਕਦੀ ਦੀ ਕਮੀ ਕਾਰਨ ਸਿੱਕਿਆਂ ਦੇ ਭਾਰ ਥੱਲੇ ਦਬ ਰਿਹਾ ਬਾਜ਼ਾਰ

Coins

ਰਾਂਚੀ, 28 ਅਪ੍ਰੈਲ: ਭਾਰਤ ਦਾ ਪ੍ਰਮੁੱਖ ਬੈਂਕ ਆਰ.ਬੀ.ਆਈ. ਹੁਣ ਬੈਂਕਾਂ 'ਚ ਰੱਖੇ ਸਿੱਕਿਆਂ ਨੂੰ ਵੀ ਬਾਜ਼ਾਰ 'ਚ ਲਿਆਉਣ ਦਾ ਵਿਚਾਰ ਕਰ ਰਿਹਾ ਹੈ। ਏ.ਟੀ.ਐਮ 'ਚ ਨਕਦੀ ਦੀ ਕਮੀ ਨੂੰ ਦੇਖਦਿਆਂ ਆਰ.ਬੀ.ਆਈ. ਨੇ ਇਹ ਫ਼ੈਸਲਾ ਕੀਤਾ ਹੈ। ਇਕ ਪਾਸੇ ਜਿੱਥੇ ਰਾਂਚੀ ਦੇ ਬਾਜ਼ਾਰ 'ਚ 100 ਕਰੋੜ ਰੁਪਏ ਮੁੱਲ ਦੇ ਸਿੱਕੇ ਪਏ ਹਨ, ਉਥੇ ਹੀ ਦੂਜੇ ਪਾਸੇ ਆਰ.ਬੀ.ਆਈ. ਵਲੋਂ ਬੈਂਕ ਦੇ ਚੇਸਟ 'ਚ ਪਏ ਸਿੱਕਿਆਂ ਨੂੰ ਵੀ ਬਾਜ਼ਾਰ 'ਚ ਉਤਾਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਬੈਂਕ ਅਧਿਕਾਰੀਆਂ ਨੂੰ ਆਰ.ਬੀ.ਆਈ. ਵਲੋਂ ਵਾਰ-ਵਾਰ ਜ਼ੁਬਾਨੀ ਨਿਰਦੇਸ਼ ਦਿਤਾ ਜਾ ਰਿਹਾ ਹੈ ਕਿ ਚੇਸਟ 'ਚ ਰੱਖਿਆ ਪੈਸੇ ਜਲਦ ਤੋਂ ਜਲਦ ਬਾਜ਼ਾਰ 'ਚ ਉਤਾਰਿਆ ਜਾਵੇ।  ਜਦੋਂ ਕਿ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਕ 'ਚ ਸਿੱਕਿਆਂ ਦੇ ਰੱਖਣ ਦਾ ਸਥਾਨ ਨਿਸ਼ਚਿਤ ਨਹੀਂ ਹੈ ਅਤੇ ਜੇਕਰ ਬਾਜ਼ਾਰ ਦੀ ਗੱਲ ਕਰੀਏ ਤਾਂ ਉਥੇ ਹਾਲਾਤ ਹੋਰ ਵੀ ਖ਼ਰਾਬ ਹੈ। ਬਾਜ਼ਾਰ ਦੇ ਹਰ ਵੱਡੇ ਉਦਯੋਗਪਤੀ ਦੇ 3-4 ਲੱਖ ਰੁਪਏ ਦੇ ਸਿੱਕੇ ਆਸਾਨੀ ਨਾਲ ਪਏ ਹਨ।

ਇਸ ਦੇ ਚਲਦਿਆਂ ਬਾਜ਼ਾਰ 'ਚ ਸਿੱਕਿਆਂ ਦੀ ਭਰਮਾਰ ਹੈ। ਹਾਲਤ ਇਹ ਹੈ ਕਿ ਥੋਕ ਬਾਜ਼ਾਰ 'ਚ ਬਿੰਲਿੰਗ ਵੀ ਰਾਊਂਡ ਫ਼ਿਗਰ 'ਚ ਕੀਤੀ ਜਾ ਰਹੀ ਹੈ। ਜੇਕਰ ਬਿਲ 206 ਰੁਪਏ ਦਾ ਹੁੰਦਾ ਹੈ ਤਾਂ ਜਾਂ ਤਾਂ ਇਹ 200 ਰੁਪਏ ਲਿਆ ਜਾਂਦਾ ਹੈ ਤਾਂ ਜਾਂ 210 ਰੁਪਏ ਵਸੂਲੇ ਜਾਂਦੇ ਹਨ, ਕਿਉਂ ਕਿ ਬਾਜ਼ਾਰ 'ਚ ਸਿੱਕਿਆਂ ਦੀ ਭਰਮਾਰ ਨੂੰ ਦੇਖਦਿਆਂ ਹੁਣ ਗਾਹਕ ਵੀ ਸਿੱਕੇ ਲੈਣ ਤੋਂ ਇਨਕਾਰ ਕਰ ਰਹੇ ਹਨ। ਕਈ ਥਾਵਾਂ 'ਤੇ ਤਾਂ ਸਿੱਕਿਆਂ ਸਬੰਧੀ ਝੜਪ ਵੀ ਹੋ ਚੁਕੀ ਹੈ। ਇਸ ਤੋਂ ਪ੍ਰੇਸ਼ਾਨ ਹੋ ਕੇ ਕਈ ਵਪਾਰਕ ਸੰਗਠਨ ਸਿੱਕਿਆਂ ਸਬੰਧੀ ਪ੍ਰਦਰਸ਼ਨ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। ਇਹ ਅਦਾਰੇ ਸਿੱਕਿਆਂ ਨੂੰ ਬੋਰੀਆਂ 'ਚ ਭਰ ਕੇ ਆਰ.ਬੀ.ਆਈ. ਅਤੇ ਵੱਖ-ਵੱਖ ਬੈਂਕਾਂ ਦੀਆਂ ਬਰਾਂਚਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਗੇ। ਅਜਿਹੇ 'ਚ ਜੇਕਰ ਬੈਂਕਾਂ ਵਲੋਂ ਜ਼ਿਆਦਾ ਸਿੱਕਿਆਂ ਨੂੰ ਬਾਜ਼ਾਰ 'ਚ ਉਤਾਰਿਆ ਗਿਆ ਤਾਂ ਇਸ ਦਾ ਸਿੱਧਾ ਅਸਰ ਅਰਥ ਵਿਵਸਥਾ 'ਤੇ ਪੈ ਸਕਦਾ ਹੈ।   (ਏਜੰਸੀ)