ਮਾਰਚ ਦੌਰਾਨ ਉਦਯੋਗਿਕ ਉਤਪਾਦਨ 4 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਡਿੱਗਾ, IIP ਵਾਧਾ ਦਰ 3 ਫੀ ਸਦੀ ’ਤੇ ਸਥਿਰ ਰਹੀ
ਸਰਕਾਰ ਨੇ ਫ਼ਰਵਰੀ 2025 ਲਈ ਉਦਯੋਗਿਕ ਵਿਕਾਸ ਦਰ ਦੇ ਅੰਕੜਿਆਂ ਨੂੰ ਸੋਧ ਕੇ 2.7 ਫੀ ਸਦੀ ਕਰ ਦਿਤਾ
ਨਵੀਂ ਦਿੱਲੀ : ਭਾਰਤ ਦਾ ਉਦਯੋਗਿਕ ਉਤਪਾਦਨ ਵਾਧਾ ਮਾਰਚ ਦੌਰਾਨ ਕ੍ਰਮਵਾਰ 3 ਫ਼ੀ ਸਦੀ ’ਤੇ ਲਗਭਗ ਸਥਿਰ ਰਿਹਾ ਹੈ ਪਰ ਸਾਲ-ਦਰ-ਸਾਲ ਆਧਾਰ ’ਤੇ ਇਹ 5.5 ਫ਼ੀ ਸਦੀ ਤੋਂ ਹੇਠਾਂ ਆ ਗਿਆ ਹੈ, ਜਿਸ ਦਾ ਮੁੱਖ ਕਾਰਨ ਨਿਰਮਾਣ, ਖਣਨ ਅਤੇ ਬਿਜਲੀ ਖੇਤਰਾਂ ਦਾ ਮਾੜਾ ਪ੍ਰਦਰਸ਼ਨ ਹੈ।
ਸੋਮਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਸਰਕਾਰ ਨੇ ਫ਼ਰਵਰੀ 2025 ਲਈ ਉਦਯੋਗਿਕ ਵਿਕਾਸ ਦਰ ਦੇ ਅੰਕੜਿਆਂ ਨੂੰ ਸੋਧ ਕੇ 2.7 ਫੀ ਸਦੀ ਕਰ ਦਿਤਾ ਹੈ, ਜੋ ਇਸ ਮਹੀਨੇ ਦੇ ਸ਼ੁਰੂ ’ਚ 2.9 ਫੀ ਸਦੀ ਸੀ। ਵਿੱਤੀ ਸਾਲ 2024-25 ’ਚ ਆਈ.ਆਈ.ਪੀ. ਚਾਰ ਸਾਲ ਦੇ ਹੇਠਲੇ ਪੱਧਰ 4 ਫੀ ਸਦੀ ’ਤੇ ਆ ਗਿਆ ਸੀ। ਇਹ 2023-24 ’ਚ 5.9 ਫੀ ਸਦੀ ਸੀ ਅਤੇ ਇਸ ਤੋਂ ਪਹਿਲਾਂ 2020-21 ’ਚ ਇਹ -8.4 ਫੀ ਸਦੀ ਦਰਜ ਕੀਤਾ ਗਿਆ ਸੀ। ਇਹ ਵਾਧਾ 2021-22 ’ਚ 11.4 ਫੀ ਸਦੀ ਅਤੇ 2022-23 ’ਚ 5.2 ਫੀ ਸਦੀ ਸੀ।
ਅੰਕੜਿਆਂ ਮੁਤਾਬਕ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) ਦੇ ਹਿਸਾਬ ਨਾਲ ਮਾਪਿਆ ਜਾਣ ਵਾਲਾ ਫੈਕਟਰੀ ਉਤਪਾਦਨ ਮਾਰਚ 2024 ’ਚ 5.5 ਫੀ ਸਦੀ ਵਧਿਆ। ਕੌਮੀ ਅੰਕੜਾ ਦਫਤਰ (ਐੱਨ.ਐੱਸ.ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਮਾਰਚ 2025 ’ਚ ਨਿਰਮਾਣ ਖੇਤਰ ਦੀ ਉਤਪਾਦਨ ਵਾਧਾ ਦਰ ਥੋੜ੍ਹੀ ਘੱਟ ਕੇ 3 ਫੀ ਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 5.9 ਫੀ ਸਦੀ ਸੀ।
ਖਣਨ ਉਤਪਾਦਨ ਇਕ ਸਾਲ ਪਹਿਲਾਂ ਦੇ 1.3 ਫ਼ੀ ਸਦੀ ਦੇ ਵਾਧੇ ਤੋਂ ਘਟ ਕੇ 0.4 ਫ਼ੀ ਸਦੀ ਹੋ ਗਿਆ। ਬਿਜਲੀ ਉਤਪਾਦਨ ਵੀ ਮਾਰਚ 2025 ’ਚ ਘੱਟ ਕੇ 6.3 ਫੀ ਸਦੀ ਰਹਿ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 8.6 ਫੀ ਸਦੀ ਸੀ।
ਵਰਤੋਂ ਅਧਾਰਤ ਵਰਗੀਕਰਨ ਦੇ ਅਨੁਸਾਰ, ਪੂੰਜੀਗਤ ਵਸਤੂਆਂ ਦੇ ਖੇਤਰ ਦੀ ਵਾਧਾ ਦਰ ਮਾਰਚ 2025 ’ਚ ਘਟ ਕੇ 2.4 ਫ਼ੀ ਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 7 ਫ਼ੀ ਸਦੀ ਸੀ। ਖਪਤਕਾਰਾਂ ਲਈ ਵਸਤਾਂ ਦੀ ਵਾਧਾ ਦਰ ਮਾਰਚ 2024 ਦੇ 9.5 ਫੀ ਸਦੀ ਦੇ ਮੁਕਾਬਲੇ 6.6 ਫੀ ਸਦੀ ਰਹੀ। ਮਾਰਚ 2025 ’ਚ ਖਪਤਕਾਰ ਗੈਰ-ਟਿਕਾਊ ਵਸਤਾਂ ਦਾ ਉਤਪਾਦਨ 4.7 ਫੀ ਸਦੀ ਘਟਿਆ, ਜੋ ਇਕ ਸਾਲ ਪਹਿਲਾਂ 5.2 ਫੀ ਸਦੀ ਸੀ।
ਅੰਕੜਿਆਂ ਮੁਤਾਬਕ ਬੁਨਿਆਦੀ ਢਾਂਚੇ/ਨਿਰਮਾਣ ਵਸਤੂਆਂ ਦੀ ਵਾਧਾ ਦਰ ਮਾਰਚ 2025 ’ਚ 8.8 ਫੀ ਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 7.4 ਫੀ ਸਦੀ ਸੀ। ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਮੁਢਲੀਆਂ ਵਸਤੂਆਂ ਦੇ ਉਤਪਾਦਨ ’ਚ ਮਾਰਚ 2025 ’ਚ 3.1 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਜੋ ਇਕ ਸਾਲ ਪਹਿਲਾਂ 3 ਫ਼ੀ ਸਦੀ ਸੀ। ਸਮੀਖਿਆ ਅਧੀਨ ਮਹੀਨੇ ’ਚ ਇੰਟਰਮੀਡੀਏਟ ਵਸਤੂਆਂ ਦੇ ਖੇਤਰ ’ਚ ਵਾਧਾ 2.3 ਫੀ ਸਦੀ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 6.1 ਫੀ ਸਦੀ ਸੀ।