ਸ਼ੋਅ ਰੂਮ ‘ਚੋਂ ਗਾਹਕ ਨੇ ਸਿੱਕਿਆਂ ਦੀ ਖਰੀਦੀ ਐਕਟੀਵਾ, 4 ਘੰਟਿਆਂ ‘ਚ ਗਿਣੇ ਸਿੱਕੇ
83000 ਦੇ ਗਿਣਵਾਏ ਸਿੱਕੇ...
ਸਤਨਾ: ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ 'ਚ ਇਕ ਸ਼ੋਅ ਰੂਮ 'ਚ ਇਕ ਗਾਹਕ 5 ਅਤੇ 10 ਰੁਪਏ ਦੇ ਸਿੱਕਿਆਂ ਨਾਲ ਸਕੂਟਰੀ ਖਰੀਦਣ ਪਹੁੰਚ ਗਿਆ। ਕੀਮਤ 83,000 ਰੁਪਏ ਦੱਸੇ ਜਾਣ 'ਤੇ ਗਾਹਕ ਨੇ ਬੋਰੀਆਂ 'ਚ ਭਰ ਕੇ ਲਿਆਂਦੇ ਸਿੱਕੇ ਸਾਹਮਣੇ ਰੱਖ ਦਿੱਤੇ। ਸਿੱਕੇ ਗਿਣਨ 'ਚ ਸ਼ੋਅ ਰੂਮ ਦੇ ਕਰਮਚਾਰੀਆਂ ਨੂੰ ਲਗਭਗ 4 ਘੰਟੇ ਲੱਗ ਗਏ। ਸਤਨਾ ਦੇ ਰਾਕੇਸ਼ ਗੁਪਤਾ ਧਨਤੇਰਸ ਦੇ ਦਿਨ ਪੰਨਾ ਨਾਕਾ ਸਥਿਤ ਇਕ ਸ਼ੋਅ ਰੂਮ 'ਚ ਸਕੂਟਰੀ ਖਰੀਦਣ ਪਹੁੰਚੇ।
ਉਨ੍ਹਾਂ ਦੀ ਇੱਛਾ 10 ਅਤੇ 5 ਦੇ ਸਿੱਕਿਆਂ ਨਾਲ ਆਪਣੀ ਪਸੰਦ ਦਾ ਵਾਹਨ ਖਰੀਦਣ ਦੀ ਸੀ। ਆਮ ਤੌਰ 'ਤੇ ਜ਼ਿਆਦਾ ਸਿੱਕੇ ਦੇਖ ਕੇ ਵਿਕਰੇਤਾ ਭੜਕ ਜਾਂਦੇ ਹਨ ਪਰ ਇਸ ਗਾਹਕ ਨੂੰ ਵਿਕਰੇਤਾ ਨੇ ਨਿਰਾਸ਼ ਨਹੀਂ ਕੀਤਾ। ਸ਼ੋਅ ਰੂਮ ਦੇ ਮੈਨੇਜਰ ਅਨੁਪਮ ਮਿਸ਼ਰਾ ਨੇ ਦੱਸਿਆ ਕਿ ਧਨਤੇਰਸ ਦੇ ਦਿਨ ਰਾਕੇਸ਼ ਗੁਪਤਾ ਆਟੋ 'ਚ ਕਈ ਬੋਰੀਆਂ 'ਚ ਸਿੱਕੇ ਭਰ ਕੇ ਸ਼ੋਅ ਰੂਮ ਆਏ। ਮੈਂ ਸ਼ੋਅਰੂਮ ਦੇ ਮਾਲਕ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਿੱਕੇ ਗਿਣਨ 'ਚ ਕੁਝ ਸਮਾਂ ਤਾਂ ਲੱਗੇਗਾ ਪਰ ਧਨਤੇਰਸ ਦਾ ਦਿਨ ਹੈ, ਕਿਸੇ ਗਾਹਕ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਨੇ ਬਹੁਤ ਮਿਹਨਤ ਨਾਲ ਸਿੱਕੇ ਇਕੱਠੇ ਕੀਤੇ ਹੋਣਗੇ, ਇਨ੍ਹਾਂ ਦੀ ਇੱਛਾ ਪੂਰੀ ਕਰ ਦਿਉ। ਮਿਸ਼ਰਾ ਨੇ ਦੱਸਿਆ ਕਿ ਆਸ਼ੀਸ਼ ਪੁਰੀ ਨੇ ਆਪਣੇ 3 ਕਰਮਚਾਰੀਆਂ ਨੂੰ ਸਿੱਕੇ ਗਿਣਨ ਨੂੰ ਕਿਹਾ। ਲੱਗਭਗ 4 ਘੰਟਿਆਂ 'ਚ ਪੂਰੀ ਰਕਮ ਗਿਣੀ ਜਾ ਸਕੀ। ਰਾਕੇਸ਼ ਗੁਪਤਾ ਖੁਸ਼ੀ-ਖੁਸ਼ੀ ਆਪਣੇ ਪਸੰਦ ਦੀ ਸਕੂਟਰੀ ਖਰੀਦੀ। ਉਨ੍ਹਾਂ ਦੇ ਅਤੇ ਸ਼ੋਅ ਰੂਮ ਲਈ ਇਸ ਵਾਰ ਧਨਤੇਰਸ ਯਾਦਗਾਰ ਬਣ ਗਿਆ।