ਏਅਰ ਇੰਡੀਆ-ਇੰਡੀਅਨ ਏਅਰਲਾਈਨਜ਼ ਦੇ ਰਲੇਵੇਂ ਬਾਰੇ ਸੀ.ਬੀ.ਆਈ. ਦੀ ‘ਕਲੋਜ਼ਰ ਰੀਪੋਰਟ’ ’ਤੇ ਮੁਆਫੀ ਮੰਗੇ ਭਾਜਪਾ : ਸੰਜੇ ਰਾਊਤ

ਏਜੰਸੀ

ਖ਼ਬਰਾਂ, ਵਪਾਰ

ਯੂ.ਪੀ.ਏ. ਸਰਕਾਰ ਦੌਰਾਨ ਚਲ ਰਹੀ ਰਲੇਵੇਂ ਦੀ ਪ੍ਰਕਿਰਿਆ ’ਚ ਐਨ.ਸੀ.ਪੀ. ਆਗੂ ਪ੍ਰਫੁੱਲ ਪਟੇਲ ਸਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ

Sanjay Raut

ਮੁੰਬਈ: ਸ਼ਿਵ ਸੈਨਾ (ਯੂ.ਬੀ.ਟੀ.) ਆਗੂ ਸੰਜੇ ਰਾਊਤ ਨੇ ਵੀਰਵਾਰ ਨੂੰ ਕਿਹਾ ਕਿ ਏਅਰ ਇੰਡੀਆ-ਇੰਡੀਅਨ ਏਅਰਲਾਈਨਜ਼ ਦੇ ਰਲੇਵੇਂ ਮਾਮਲੇ ’ਚ ਸੀ.ਬੀ.ਆਈ. ਵਲੋਂ ‘ਕਲੋਜ਼ਰ ਰੀਪੋਰਟ’ ਦਾਖ਼ਲ ਕੀਤੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਅਧਿਕਾਰੀਆਂ ਨੇ ਵੀਰਵਾਰ ਨੂੰ ਦਸਿਆ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਯੂ.ਪੀ.ਏ. ਸਰਕਾਰ ਦੌਰਾਨ ਏਅਰ ਇੰਡੀਆ ਅਤੇ ਇੰਡੀਅਨ ਏਅਰਲਾਈਨਜ਼ ਦੇ ਰਲੇਵੇਂ ਨਾਲ ਜਹਾਜ਼ਾਂ ਨੂੰ ਲੀਜ਼ ’ਤੇ ਦੇਣ ’ਚ ਕਥਿਤ ਬੇਨਿਯਮੀਆਂ ਦੀ ਜਾਂਚ ’ਤੇ ‘ਕਲੋਜ਼ਰ ਰੀਪੋਰਟ’ ਦਾਇਰ ਕੀਤੀ ਹੈ ਕਿਉਂਕਿ ਉਸ ਨੂੰ ‘ਗੜਬੜੀ ਦਾ ਕੋਈ ਸਬੂਤ’ ਨਹੀਂ ਮਿਲਿਆ। 

ਜਦੋਂ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਸਰਕਾਰ ਦੌਰਾਨ ਇਹ ਪ੍ਰਕਿਰਿਆ ਚੱਲ ਰਹੀ ਸੀ ਤਾਂ ਐਨ.ਸੀ.ਪੀ. ਆਗੂ ਪ੍ਰਫੁੱਲ ਪਟੇਲ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸਨ। ਪਟੇਲ ਇਸ ਸਮੇਂ ਅਜੀਤ ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ. ਨਾਲ ਹਨ, ਜੋ ਮਹਾਰਾਸ਼ਟਰ ’ਚ ਭਾਜਪਾ ਦੀ ਸਹਿਯੋਗੀ ਹੈ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨਾਲ ਹੈ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਭਾਜਪਾ ਨੇ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਸ਼ਹਿਰੀ ਹਵਾਬਾਜ਼ੀ ਖੇਤਰ ’ਚ ਕਥਿਤ ਭ੍ਰਿਸ਼ਟਾਚਾਰ ਬਾਰੇ ਬਹੁਤ ਰੌਲਾ ਪਾਇਆ ਸੀ। ਉਨ੍ਹਾਂ ਕਿਹਾ, ‘‘ਹੁਣ ਭਾਜਪਾ ਨੂੰ ਡਾ. ਮਨਮੋਹਨ ਸਿੰਘ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਏਅਰ ਇੰਡੀਆ ਅਤੇ ਇੰਡੀਅਨ ਏਅਰਲਾਈਨਜ਼ ਦੇ ਰਲੇਵੇਂ ਤੋਂ ਬਾਅਦ ਨੈਸ਼ਨਲ ਏਵੀਏਸ਼ਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐਨ.ਏ.ਸੀ.ਆਈ.ਐਲ.) ਦਾ ਗਠਨ ਕੀਤਾ ਗਿਆ ਸੀ। ਸੀ.ਬੀ.ਆਈ. ਨੇ ਦੋਸ਼ ਲਾਇਆ ਸੀ ਕਿ ਫੈਸਲਾ ਬੇਈਮਾਨ ਨਾਲ ਕੀਤਾ ਗਿਆ ਸੀ ਅਤੇ ਜਹਾਜ਼ਾਂ ਨੂੰ ਉਦੋਂ ਵੀ ਲੀਜ਼ ’ਤੇ ਦਿਤਾ ਗਿਆ ਸੀ ਜਦੋਂ ਖਰੀਦ ਪ੍ਰਕਿਰਿਆ ਚੱਲ ਰਹੀ ਸੀ। 

ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਾਰਾਸ਼ਟਰ ’ਚ ਮਹਾ ਵਿਕਾਸ ਅਘਾੜੀ (ਐੱਮ.ਵੀ.ਏ.) ਦੇ ਭਾਈਵਾਲਾਂ ਵਿਚਾਲੇ ਅਸਹਿਮਤੀ ਦੀਆਂ ਰੀਪੋਰਟਾਂ ਬਾਰੇ ਪੁੱਛੇ ਜਾਣ ’ਤੇ ਰਾਊਤ ਨੇ ਕਿਹਾ ਕਿ ਸਹਿਯੋਗੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਵਿਰੋਧੀ ਗੱਠਜੋੜ ਐਮਵੀਏ ’ਚ ਕਾਂਗਰਸ, ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਐਨ.ਸੀ.ਪੀ. (ਸ਼ਰਦ ਚੰਦਰ ਪਵਾਰ) ਸ਼ਾਮਲ ਹਨ। 

ਉਨ੍ਹਾਂ ਕਿਹਾ ਕਿ 3 ਅਪ੍ਰੈਲ ਨੂੰ ਸ਼ਿਵ ਸੈਨਾ ਦੇ ਦਫ਼ਤਰ ਸ਼ਿਵਾਲਿਆ ’ਚ ਐਮ.ਵੀ.ਏ. ਨੇਤਾਵਾਂ ਦੀ ਪ੍ਰੈੱਸ ਕਾਨਫਰੰਸ ਹੋਵੇਗੀ। ਉਧਵ ਠਾਕਰੇ, ਸ਼ਰਦ ਪਵਾਰ ਅਤੇ ਕਾਂਗਰਸ ਨੇਤਾ ਨਾਨਾ ਪਟੋਲੇ, ਪ੍ਰਿਥਵੀਰਾਜ ਚਵਾਨ ਅਤੇ ਬਾਲਾ ਸਾਹਿਬ ਥੋਰਾਟ ਇਸ ’ਚ ਸ਼ਾਮਲ ਹੋਣਗੇ। ਰਾਊਤ ਨੇ ਕਿਹਾ ਕਿ ਠਾਕਰੇ 31 ਮਾਰਚ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ’ਚ ‘ਇੰਡੀਆ’ ਗੱਠਜੋੜ ਦੀ ਰੈਲੀ ’ਚ ਵੀ ਸ਼ਾਮਲ ਹੋਣਗੇ।