ਦੁਨੀਆ ਭਰ ’ਚ ਜੀਵਨ ਨੂੰ ਬਿਹਤਰ ਬਣਾਉਣ ਦੇ ਟੀਚਿਆਂ ’ਚੋਂ 2030 ਤਕ ਸਿਰਫ਼ 17 ਫ਼ੀ ਸਦੀ ਹੀ ਪ੍ਰਾਪਤ ਹੋਣ ਦੀ ਸੰਭਾਵਨਾ : ਰੀਪੋਰਟ 

ਏਜੰਸੀ

ਖ਼ਬਰਾਂ, ਵਪਾਰ

2019 ਦੇ ਮੁਕਾਬਲੇ 2022 ’ਚ 2.3 ਕਰੋੜ ਲੋਕ ਗਰੀਬੀ ’ਚ ਅਤੇ 10 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ

Representative Image.

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਦੁਨੀਆਂ ਦੇ ਸੱਤ ਅਰਬ ਤੋਂ ਵੱਧ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਉਸ ਦੇ 169 ਟੀਚਿਆਂ ਵਿਚੋਂ ਸਿਰਫ 17 ਫ਼ੀ ਸਦੀ 2030 ਤਕ ਪ੍ਰਾਪਤ ਕੀਤੇ ਜਾਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਵਲੋਂ ਜਾਰੀ ਸਾਲਾਨਾ ਰੀਪੋਰਟ ’ਚ ਕਿਹਾ ਗਿਆ ਹੈ ਕਿ ਟੀਚਿਆਂ ’ਚੋਂ ਸਿਰਫ ਅੱਧੇ ’ਚ ਹੀ ਕੁੱਝ ਤਰੱਕੀ ਹੁੰਦੀ ਵਿਖਾਈ ਦੇ ਰਹੀ ਹੈ ਅਤੇ ਸਿਰਫ 17 ਫੀ ਸਦੀ ਟੀਚਿਆਂ ਤਕ ਪਹੁੰਚਣ ਦੀ ਸੰਭਾਵਨਾ ਹੈ। 

ਰੀਪੋਰਟ ’ਚ ਕੋਰੋਨਾ ਮਹਾਂਮਾਰੀ ਦੇ ਅਸਰਾਂ ਦਾ ਵੀ ਹਵਾਲਾ ਦਿਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ 2019 ਦੇ ਮੁਕਾਬਲੇ 2022 ’ਚ 2.3 ਕਰੋੜ ਲੋਕ ਗਰੀਬੀ ’ਚ ਅਤੇ 10 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ। ਇਸ ’ਚ ਕਿਹਾ ਗਿਆ ਹੈ ਕਿ ਮਿਆਰੀ ਸਿੱਖਿਆ ਦਾ ਟੀਚਾ ਅਜੇ ਵੀ ਬਹੁਤ ਪਿੱਛੇ ਹੈ। ਦੁਨੀਆਂ ਭਰ ’ਚ ਸਿਰਫ 58 ਫ਼ੀ ਸਦੀ ਵਿਦਿਆਰਥੀਆਂ ਨੇ ਪ੍ਰਾਇਮਰੀ ਸਕੂਲ ਪੱਧਰ ’ਤੇ ਪੜ੍ਹਨ ’ਚ ਘੱਟੋ-ਘੱਟ ਮੁਹਾਰਤ ਪ੍ਰਾਪਤ ਕੀਤੀ ਹੈ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਨਵਿਆਉਣਯੋਗ ਊਰਜਾ ਤੋਂ ਬਿਜਲੀ ਪੈਦਾ ਕਰਨ ਦੀ ਗਲੋਬਲ ਸਮਰੱਥਾ ਪਿਛਲੇ ਪੰਜ ਸਾਲਾਂ ਤੋਂ 8.1 ਫ਼ੀ ਸਦੀ ਸਾਲਾਨਾ ਦਰ ਨਾਲ ਵਧ ਰਹੀ ਹੈ। ਗੁਤਾਰੇਸ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਹਰੇ ਅਤੇ ਡਿਜੀਟਲ ਪਰਿਵਰਤਨ ਵਲ ਤਬਦੀਲੀ ਲਈ ਵਧੇਰੇ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗਾਜ਼ਾ ਤੋਂ ਲੈ ਕੇ ਯੂਕਰੇਨ, ਸੂਡਾਨ ਅਤੇ ਹੋਰ ਥਾਵਾਂ ’ਤੇ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਸੱਦਾ ਦਿਤਾ।