90 ਦਵਾਈਆਂ ਦੇ ਨਮੂਨੇ ਜਾਂਚ ’ਚ ਫ਼ੇਲ੍ਹ
ਬਿਹਾਰ ਡਰੱਗ ਕੰਟਰੋਲ ਅਥਾਰਟੀ ਵਲੋਂ ਇਕੱਤਰ ਕੀਤੇ ਗਏ ਤਿੰਨ ਦਵਾਈਆਂ ਦੇ ਨਮੂਨਿਆਂ ਦੀ ਪਛਾਣ ਨਕਲੀ ਵਜੋਂ ਕੀਤੀ
ਨਵੀਂ ਦਿੱਲੀ : ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐਸ.ਸੀ.ਓ.) ਨੇ ਅਕਤੂਬਰ ’ਚ ਕੇਂਦਰੀ ਦਵਾਈ ਪ੍ਰਯੋਗਸ਼ਾਲਾਵਾਂ ’ਚ ਟੈਸਟ ਕੀਤੇ ਗਏ 56 ਨਮੂਨਿਆਂ ਨੂੰ ਮਿਆਰੀ ਗੁਣਵੱਤਾ (ਐਨ.ਐਸ.ਕਿਊ.) ਦੇ ਅਨੁਕੂਲ ਨਹੀਂ ਪਾਇਆ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਸ ਤੋਂ ਇਲਾਵਾ, ਸੂਬਿਆਂ ਦੇ ਡਰੱਗ ਰੈਗੂਲੇਟਰਾਂ ਵਲੋਂ ਟੈਸਟ ਕੀਤੇ ਗਏ 34 ਦਵਾਈਆਂ ਦੇ ਨਮੂਨਿਆਂ ਦੀ ਪਛਾਣ ਐਨ.ਐਸ.ਕਿਊ. ਵਜੋਂ ਕੀਤੀ ਗਈ ਹੈ।
ਅਕਤੂਬਰ ’ਚ ਬਿਹਾਰ ਡਰੱਗ ਕੰਟਰੋਲ ਅਥਾਰਟੀ ਵਲੋਂ ਇਕੱਤਰ ਕੀਤੇ ਗਏ ਤਿੰਨ ਦਵਾਈਆਂ ਦੇ ਨਮੂਨਿਆਂ ਦੀ ਪਛਾਣ ਨਕਲੀ ਵਜੋਂ ਕੀਤੀ ਗਈ ਹੈ। ਇਹ ਅਣਅਧਿਕਾਰਤ ਅਤੇ ਅਣਜਾਣ ਨਿਰਮਾਤਾਵਾਂ ਵਲੋਂ ਕਿਸੇ ਹੋਰ ਕੰਪਨੀ ਦੀ ਮਲਕੀਅਤ ਵਾਲੇ ਬ੍ਰਾਂਡ ਨਾਮ ਦੀ ਵਰਤੋਂ ਕਰ ਕੇ ਤਿਆਰ ਕੀਤੇ ਗਏ ਸਨ।
ਮੰਤਰਾਲੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਐਨ.ਐਸ.ਕਿਊ. ਅਤੇ ਨਕਲੀ ਦਵਾਈਆਂ ਦੀ ਪਛਾਣ ਕਰਨ ਲਈ ਇਹ ਕਾਰਵਾਈ ਰਾਜ ਰੈਗੂਲੇਟਰਾਂ ਦੇ ਤਾਲਮੇਲ ਨਾਲ ਨਿਯਮਤ ਅਧਾਰ ’ਤੇ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਦਵਾਈਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਬਾਜ਼ਾਰ ਤੋਂ ਹਟਾ ਦਿਤਾ ਜਾਵੇ। ਇਕ ਦਵਾਈ ਨੂੰ ਇਸ ਤੱਥ ਦੇ ਅਧਾਰ ’ਤੇ ਐਨ.ਐਸ.ਕਿਊ. ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਨਮੂਨੇ ਇਕ ਜਾਂ ਦੂਜੇ ਨਿਰਧਾਰਤ ਗੁਣਵੱਤਾ ਮਾਪਦੰਡਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ।