ਆਕਰਸ਼ਕ ਮੁਲਾਂਕਣ, ਮੈਕਰੋ ਕਾਰਕਾਂ ਕਾਰਨ ਵਧਣ ਲੱਗਾ ਵਿਦੇਸ਼ੀ ਨਿਵੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਿਛਲੇ 6 ਕਾਰੋਬਾਰੀ ਸੈਸ਼ਨਾਂ ’ਚ ਸ਼ੇਅਰਾਂ ’ਚ 31,000 ਕਰੋੜ ਰੁਪਏ ਦਾ ਨਿਵੇਸ਼ ਕੀਤਾ

Foreign investment started increasing due to attractive valuations, macro factors

ਨਵੀਂ ਦਿੱਲੀ : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਮਾਰਚ ਦੇ ਅਖੀਰ ’ਚ 6 ਕਾਰੋਬਾਰੀ ਸੈਸ਼ਨਾਂ ’ਚ ਭਾਰਤੀ ਸ਼ੇਅਰ ਬਾਜ਼ਾਰਾਂ ਅੰਦਰ ਲਗਭਗ 31,000 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਹ ਤਬਦੀਲੀ ਆਕਰਸ਼ਕ ਮੁਲਾਂਕਣ, ਰੁਪਏ ਦੀ ਮਜ਼ਬੂਤੀ ਅਤੇ ਮੈਕਰੋ-ਆਰਥਕ ਸੂਚਕਾਂ ’ਚ ਸੁਧਾਰ, ਬਾਜ਼ਾਰ ਦੇ ਵਿਸ਼ਵਾਸ ਨੂੰ ਵਧਾਉਣ ਅਤੇ ਨਿਫਟੀ ਇੰਡੈਕਸ ’ਚ 6٪  ਦੀ ਮਜ਼ਬੂਤੀ ਤੋਂ ਪ੍ਰੇਰਿਤ ਸੀ। ਇਸ ਪ੍ਰਵਾਹ ਨਾਲ ਮਾਰਚ ’ਚ ਕੁਲ ਨਿਕਾਸੀ ਘਟ ਕੇ 3,973 ਕਰੋੜ ਰੁਪਏ ਰਹਿ ਗਈ, ਜਦਕਿ ਐੱਫ.ਪੀ.ਆਈ. ਨੇ ਫ਼ਰਵਰੀ ’ਚ 34,574 ਕਰੋੜ ਰੁਪਏ ਅਤੇ ਜਨਵਰੀ ’ਚ 78,027 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਵਿਸ਼ਲੇਸ਼ਕਾਂ ਦਾ ਸੁਝਾਅ ਹੈ ਕਿ ਭਵਿੱਖ ਦੇ ਐਫ.ਪੀ.ਆਈ. ਰੁਝਾਨ 2 ਅਪ੍ਰੈਲ ਨੂੰ ਟਰੰਪ ਦੇ ਆਪਸੀ ਟੈਰਿਫ ਘੋਸ਼ਣਾ ਦੇ ਪ੍ਰਭਾਵ ’ਤੇ ਨਿਰਭਰ ਕਰਨਗੇ।

ਹਾਲੀਆ ਵਾਧੇ ਦੇ ਬਾਵਜੂਦ, ਵਿੱਤੀ ਸਾਲ 2024-25 ਲਈ ਵਿਆਪਕ ਦ੍ਰਿਸ਼ਟੀਕੋਣ ਐਫ.ਪੀ.ਆਈ. ਗਤੀਵਿਧੀਆਂ ’ਚ ਉਤਰਾਅ-ਚੜ੍ਹਾਅ ਦਾ ਸੰਕੇਤ ਦਿੰਦਾ ਹੈ। ਸ਼ੁਰੂਆਤ ’ਚ ਮਜ਼ਬੂਤ ਆਰਥਕ ਵਿਕਾਸ ਅਤੇ ਬਾਜ਼ਾਰ ਦੀਆਂ ਅਨੁਕੂਲ ਸਥਿਤੀਆਂ ਕਾਰਨ ਐੱਫ.ਪੀ.ਆਈ. ਨੇ ਕਾਰਪੋਰੇਟ ਕਮਾਈ ’ਚ ਗਿਰਾਵਟ, ਕਮਜ਼ੋਰ ਸ਼ਹਿਰੀ ਮੰਗ ਅਤੇ ਅਮਰੀਕੀ ਆਰਥਕ ਨੀਤੀਆਂ ’ਚ ਅਨਿਸ਼ਚਿਤਤਾ ਕਾਰਨ ਅਪ੍ਰੈਲ 2024 ਤੋਂ ਮਾਰਚ 2025 ਦਰਮਿਆਨ 15 ਅਰਬ ਡਾਲਰ ਦੀ ਮਹੱਤਵਪੂਰਨ ਨਿਕਾਸੀ ਕੀਤੀ। ਬਾਜ਼ਾਰ ਰੈਗੂਲੇਟਰ ਸੇਬੀ ਵਲੋਂ ਮਾਲਕੀ ਖੁਲਾਸੇ ਲਈ ਵਧੀ ਸੀਮਾ ਨੇ ਨਵੇਂ ਨਿਵੇਸ਼ਾਂ ਨੂੰ ਉਤਸ਼ਾਹਤ ਕੀਤਾ ਹੈ, ਜਦਕਿ ਜੀ.ਡੀ.ਪੀ. ਵਿਕਾਸ, ਆਈ.ਆਈ.ਪੀ. ਅਤੇ ਸੀ.ਪੀ.ਆਈ. ਮਹਿੰਗਾਈ ਵਰਗੇ ਮੈਕਰੋ-ਆਰਥਕ ਕਾਰਕ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਤ ਕਰ ਰਹੇ ਹਨ।