ਗੋਦਰੇਜ ਜੂਨ 'ਚ ਵਧਾਏਗੀ ਏਅਰ ਕੰਡੀਸ਼ਨਾਂ ਅਤੇ ਫਰਿੱਜਾਂ ਦੀਆਂ ਕੀਮਤਾਂ
ਗਰਮੀ ਦਾ ਮੌਸਮ ਆ ਗਿਆ ਹੈ ਅਤੇ ਗਰਮੀ ਦਾ ਪ੍ਰਕੋਪ ਵੀ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਲੋਕਾਂ ਵਿਚ ਏਸੀ, ਫ਼ਰਿੱਜ਼ ਆਦਿ ...
ਨਵੀਂ ਦਿੱਲੀ : ਗਰਮੀ ਦਾ ਮੌਸਮ ਆ ਗਿਆ ਹੈ ਅਤੇ ਗਰਮੀ ਦਾ ਪ੍ਰਕੋਪ ਵੀ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਲੋਕਾਂ ਵਿਚ ਏਸੀ, ਫ਼ਰਿੱਜ਼ ਆਦਿ ਖ਼ਰੀਦਣ ਦੀ ਹੋੜ ਵੀ ਲੱਗ ਗਈ ਹੈ ਪਰ ਤੁਹਾਨੂੰ ਦਸ ਦਈਏ ਕਿ ਜਲਦ ਹੀ, ਏਅਰ ਕੰਡੀਸ਼ਨ (ਏਸੀ), ਫ਼ਰਿੱਜ ਅਤੇ ਹੋਰ ਘਰੇਲੂ ਸਮਾਨ ਖਰੀਦਣਾ ਮਹਿੰਗਾ ਹੋ ਸਕਦਾ ਹੈ ਕਿਉਂਕਿ ਗੋਦਰੇਜ ਕੰਪਨੀ ਨੇ ਇਸ ਦੀ ਸ਼ੁਰੂਆਤ ਕਰ ਦਿਤੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਉਹ ਜੂਨ 'ਚ ਕਈ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਜਾ ਰਹੀ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦਸਿਆ ਕਿ ਕਿਹੜੇ ਸਾਮਾਨ ਦੀ ਕੀਮਤ ਕਿੰਨੀ ਵਧੇਗੀ। ਗੋਦਰੇਜ ਇੰਪਲਾਈਜ਼ ਦੇ ਕਾਰੋਬਾਰੀ ਮੁਖੀ ਅਤੇ ਉਪ ਕਾਰਜਕਾਰੀ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਅਮਰੀਕੀ ਡਾਲਰ ਮਹਿੰਗਾ ਹੋਣ ਅਤੇ ਕੱਚੇ ਤੇਲ 'ਚ ਤੇਜ਼ੀ ਕਾਰਨ ਕੰਪਨੀਆਂ ਦੀ ਲਾਗਤ ਵਧੀ ਹੈ, ਜਿਸ ਦੇ ਮੱਦੇਨਜ਼ਰ ਉਤਪਾਦਾਂ ਦੀਆਂ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕੀਮਤਾਂ 'ਚ ਵਾਧਾ ਅਮਰੀਕੀ ਡਾਲਰ ਅਤੇ ਕੱਚੇ ਤੇਲ ਦੀ ਤੇਜ਼ੀ 'ਤੇ ਨਿਰਭਰ ਕਰੇਗਾ। ਡਾਲਰ ਪਹਿਲਾਂ ਹੀ ਮਹਿੰਗਾ ਪੈ ਰਿਹਾ ਹੈ, ਜੋ ਕਿ ਇਸ ਸਮੇਂ 66 ਰੁਪਏ ਦੇ ਵੀ ਪਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਮਾਨਾਂ ਦੀ ਕੀਮਤ 'ਚ ਵਾਧਾ ਜੂਨ ਦੇ ਬਾਅਦ ਲਾਗੂ ਹੋਵੇਗਾ, ਜਦੋਂ ਸਾਨੂੰ ਨਵੇਂ ਮਾਲ ਲਈ ਆਰਡਰ ਕਰਨਾ ਪਵੇਗਾ।
ਕਮਲ ਨੰਦੀ ਦਾ ਕਹਿਣਾ ਹੈ ਕਿ ਇਕ ਬਣੇ ਪ੍ਰਾਡਕਟ 'ਚ ਇੰਪੋਰਟਡ (ਦਰਾਮਦ) ਪੁਰਜ਼ਿਆਂ ਦਾ ਹਿੱਸਾ 10-15 ਫੀਸਦੀ ਤੋਂ 50-60 ਫੀਸਦੀ ਤਕ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਏਸੀ, ਟੀਵੀ ਅਤੇ ਫਰਿੱਜ ਵਰਗੇ ਸਾਮਾਨਾਂ ਨੂੰ ਬਣਾਉਣ ਲਈ ਕੰਪਨੀਆਂ ਨੂੰ ਇਨ੍ਹਾਂ ਨਾਲ ਜੁੜੇ ਕਈ ਜ਼ਰੂਰੀ ਸਾਮਾਨ ਬਾਹਰੋਂ ਖ਼ਰੀਦਣੇ ਪੈਂਦੇ ਹਨ ਅਤੇ ਡਾਲਰ ਮਹਿੰਗਾ ਹੋਣ ਨਾਲ ਇਨ੍ਹਾਂ ਨੂੰ ਖ਼ਰੀਦਣਾ ਮਹਿੰਗਾ ਹੋ ਜਾਂਦਾ ਹੈ, ਜਿਸ ਨਾਲ ਕੰਪਨੀ ਦੀ ਲਾਗਤ ਵਧ ਜਾਂਦੀ ਹੈ। ਇਨਪੁਟ ਕਾਸਟ ਵਧਣ ਦੇ ਮੱਦੇਨਜ਼ਰ ਹੀ ਗੋਦਰੇਜ ਕੰਪਨੀ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
ਕਮਲ ਨੰਦੀ ਨੇ ਕਿਹਾ ਕਿ ਇੰਡਸਟਰੀ ਨੇ ਵਿੱਤ ਮੰਤਰਾਲੇ ਨੂੰ ਏ.ਸੀ. ਵਰਗੇ ਸਾਮਾਨਾਂ 'ਤੇ ਜੀ.ਐੱਸ.ਟੀ. 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਦੀ ਮੰਗ ਕੀਤੀ ਹੈ। ਜੇਕਰ ਸਰਕਾਰ ਮੰਗ ਮੰਨਦੀ ਹੈ, ਤਾਂ ਮਹਿੰਗੇ ਡਾਲਰ ਅਤੇ ਕੱਚੇ ਤੇਲ ਦੇ ਮੱਦੇਨਜ਼ਰ ਵਧੀ ਲਾਗਤ ਨੂੰ ਵੀ ਘੱਟ ਕਰਨ 'ਚ ਮਦਦ ਮਿਲੇਗੀ।