ਪਹਿਲੀ ਤਿਮਾਹੀ ਵਿਚ ਸੋਨਾ 25 ਫ਼ੀਸਦੀ ਹੋਇਆ ਮਹਿੰਗਾ, ਦੇਸ਼ ਵਿਚ 36 ਫ਼ੀਸਦੀ ਘਟੀ ਮੰਗ

ਏਜੰਸੀ

ਖ਼ਬਰਾਂ, ਵਪਾਰ

ਡਬਲਯੂਜੀਸੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੋਮਸੁੰਦਰਮ ਪੀਆਰ ਨੇ...

Gold prices jumped 25 percent in q1 but demand fell by 36 percent in india

ਨਵੀਂ ਦਿੱਲੀ: ਇਸ ਸਾਲ ਜਨਵਰੀ-ਮਾਰਚ ਤਿਮਾਹੀ ਵਿਚ ਭਾਰਤ ਵਿਚ ਸੋਨੇ ਦੀ ਮੰਗ ’ਚ 36 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਕ ਰਿਪੋਰਟ ਮੁਤਾਬਕ ਸੋਨੇ ਦੀਆਂ ਕੀਮਤਾਂ ਵਿਚ ਉਤਾਰ-ਚੜ੍ਹਾਅ ਅਤੇ ਕੋਰੋਨਾ ਵਾਇਰਸ ਕਾਰਨ ਛਾਈ ਆਰਥਿਕ ਮੰਦੀ ਦੇ ਚਲਦੇ ਜਨਵਰੀ-ਮਾਰਚ ਤਿਮਾਹੀ ਵਿਚ ਦੇਸ਼ ਵਿਚ ਸੋਨੇ ਦੀ ਮੰਗ ਘਟ ਕੇ 101.9 ਟਨ ਰਹਿ ਗਈ ਹੈ। ਕੈਲੰਡਰ ਸਾਲ ਦੀ ਪਹਿਲੀ ਤਿਮਾਹੀ ਵਿਚ ਗਹਿਣੇ ਅਤੇ ਸੋਨੇ ਵਿਚ ਨਿਵੇਸ਼ ਦੀ ਮੰਗ ਵੀ ਘਟੀ ਹੈ।

ਜਦ ਤਕ ਸੋਨੇ ਦੇ ਗਹਿਣਿਆਂ ਦੇ ਉਦਯੋਗ ਕਰਨ ਵਾਲੇ ਕਾਮੇ ਵਾਪਸ ਨਹੀਂ ਆਉਂਦੇ ਅਤੇ ਸਪਲਾਈ ਚੇਨ ਨੂੰ ਜਲਦ ਸ਼ੁਰੂ ਨਹੀਂ ਕੀਤਾ ਜਾਂਦਾ ਉਦੋਂ ਤਕ ਹਾਲਾਤ ਵੀ ਚੁਣੌਤੀਪੂਰਨ ਰਹਿਣ ਦਾ ਖ਼ਦਸ਼ਾ ਹੈ। ਵਰਲਡ ਗੋਲਡ ਕੌਂਸਲ (ਡਬਲਯੂਜੀਸੀ) ਨੇ ਦੇਸ਼ ਦੀ ਸੋਨੇ ਦੀ ਮੰਗ ਦੀ 37,580 ਕਰੋੜ ਰੁਪਏ ਦੀ ਸਮੀਖਿਆ ਕੀਤੀ। ਇਹ 2019 ਦੀ ਇਸੇ ਤਿਮਾਹੀ ਵਿਚ 47,000 ਕਰੋੜ ਰੁਪਏ ਦੀ ਸੋਨੇ ਦੀ ਮੰਗ ਨਾਲੋਂ 20 ਪ੍ਰਤੀਸ਼ਤ ਘੱਟ ਹੈ।

ਡਬਲਯੂਜੀਸੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੋਮਸੁੰਦਰਮ ਪੀਆਰ ਨੇ ਕਿਹਾ ਕਿ ਸਮੀਖਿਆ ਮਿਆਦ ਦੌਰਾਨ ਘਰੇਲੂ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਕਸਟਮ ਡਿਊਟੀ ਅਤੇ ਟੈਕਸ ਦੀ ਗਣਨਾ ਕੀਤੇ ਬਿਨਾਂ ਸੋਨੇ ਦੀ ਕੀਮਤ ਲਗਭਗ 25 ਪ੍ਰਤੀਸ਼ਤ ਦੇ ਵਾਧੇ ਨਾਲ 36,875 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਪਿਛਲੇ ਸਾਲ ਦੀ ਇਸੇ ਮਿਆਦ ਵਿਚ ਕੀਮਤ 29,555 ਰੁਪਏ ਸੀ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਦੀ ਸੋਨੇ ਦੀ ਮੰਗ ਘਟਣ ਦੇ ਕਈ ਕਾਰਨ ਸਨ। ਇਹ ਮੰਗ ਉੱਚ ਅਤੇ ਅਸਥਿਰ ਕੀਮਤਾਂ ਦੇ ਨਾਲ ਨਾਲ ਲਾਕਡਾਊਨ ਦੇ ਕਾਰਨ ਤਨਖ਼ਾਹ ਵਿਚ ਦਿੱਕਤ, ਆਵਾਜਾਈ ਵਿਚ ਮੁਸ਼ਕਲਾਂ ਅਤੇ ਆਰਥਿਕ ਅਨਿਸ਼ਚਿਤਤਾ ਦੇ ਕਾਰਨ ਇਹ ਮੰਗ ਡਿੱਗ ਗਈ ਹੈ। ਇਸ ਦੌਰਾਨ ਗਹਿਣਿਆਂ ਦੀ ਕੁੱਲ ਮੰਗ 41 ਪ੍ਰਤੀਸ਼ਤ ਘਟ ਕੇ 73.9 ਟਨ ਰਹਿ ਗਈ ਜੋ ਪਿਛਲੇ ਸਾਲ 125.4 ਟਨ ਸੀ।

ਰੁਪਏ ਵਿੱਚ ਇਹ ਮੰਗ 27 ਪ੍ਰਤੀਸ਼ਤ ਘਟ ਕੇ 27,230 ਕਰੋੜ ਰੁਪਏ ਰਹੀ। ਪਿਛਲੇ ਸਾਲ ਦੀ ਇਸੇ ਮਿਆਦ ਵਿਚ ਇਹ 37,070 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਇਸ ਅਰਸੇ ਦੌਰਾਨ ਨਿਵੇਸ਼ ਲਈ ਸੋਨੇ ਦੀ ਮੰਗ 17 ਪ੍ਰਤੀਸ਼ਤ ਘਟ ਕੇ 28.1 ਟਨ ਹੋ ਗਈ। ਹਾਲਾਂਕਿ ਰੁਪਏ ਵਿਚ ਇਹ ਮੁੱਲ ਸਾਲਾਨਾ ਅਧਾਰ 'ਤੇ ਚਾਰ ਪ੍ਰਤੀਸ਼ਤ ਵਧ ਕੇ 10,350 ਕਰੋੜ ਰੁਪਏ ਹੋ ਗਿਆ। ਕੋਰੋਨਾ ਵਾਇਰਸ ਸੰਕਟ ਦੇ ਚਲਦੇ ਗਲੋਬਲ ਪੱਧਰ ਤੇ ਸ਼ੇਅਰ ਬਜ਼ਾਰਾਂ ਵਿਚ ਉਥਲ-ਪੁਥਲ ਮਚੀ ਹੋਈ ਹੈ।

ਕੱਚੇ ਤੇਲ ਦੀਆਂ ਕੀਮਤਾਂ ਇਤਿਹਾਸਿਕ ਤੌਰ ਤੇ ਹੇਠਲੇ ਪੱਧਰ ਤੇ ਬਣੀ ਹੋਈ ਹੈ। ਅਜਿਹੇ ਵਿਚ ਨਿਵੇਸ਼ਕ ਇੱਕ ਸੁਰੱਖਿਅਤ ਨਿਵੇਸ਼ ਦੇ ਰੂਪ ਵਿੱਚ ਸੋਨੇ ਨੂੰ ਵੇਖ ਰਹੇ ਹਨ। ਸਾਲਾਨਾ ਅਧਾਰ 'ਤੇ ਜਨਵਰੀ-ਮਾਰਚ ਵਿਚ ਸੋਨੇ ਦੀ ਵਿਸ਼ਵਵਿਆਪੀ ਮੰਗ ਇਕ ਪ੍ਰਤੀਸ਼ਤ ਵਧ ਕੇ 1,083.8 ਟਨ ਹੋ ਗਈ ਹੈ। ਪਿਛਲੇ ਸਾਲ ਸੋਨੇ ਦੀ ਵਿਸ਼ਵਵਿਆਪੀ ਮੰਗ 1,070.8 ਟਨ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।