ਰੀਕਾਰਡਤੋੜ ਕੀਮਤ ਦੇ ਬਾਵਜੂਦ ਭਾਰਤ ’ਚ ਸੋਨੇ ਦੀ ਖ਼ਰੀਦ ਵਧੀ, ਜਾਣੋ ਪਹਿਲੀ ਵਾਰੀ ਸੋਨੇ ਦੇ ਬਾਜ਼ਾਰ ’ਚ ਹੋਇਆ ਕੀ ਉਲਟਫੇਰ

ਏਜੰਸੀ

ਖ਼ਬਰਾਂ, ਵਪਾਰ

ਜਨਵਰੀ-ਮਾਰਚ ’ਚ ਕੁਲ ਮੰਗ ’ਚ 8 ਫ਼ੀ ਸਦੀ ਵਧ ਕੇ 136.6 ਟਨ ਰਹੀ, ਗਹਿਣਿਆਂ ਦੀ ਮੰਗ 4 ਫੀ ਸਦੀ ਵਧ ਕੇ 95.5 ਟਨ ਰਹੀ

Gold

ਨਵੀਂ ਦਿੱਲੀ: ਭਾਰਤ ’ਚ ਸੋਨੇ ਦੀ ਮੰਗ ਜਨਵਰੀ-ਮਾਰਚ ਤਿਮਾਹੀ ਦੌਰਾਨ ਸਾਲਾਨਾ ਆਧਾਰ ’ਤੇ 8 ਫ਼ੀ ਸਦੀ ਵਧ ਕੇ 136.6 ਟਨ ਹੋ ਗਈ। ਵਰਲਡ ਗੋਲਡ ਕੌਂਸਲ ਨੇ ਇਹ ਜਾਣਕਾਰੀ ਦਿਤੀ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਸੋਨੇ ਦੀ ਖਰੀਦ ਨਾਲ ਵੀ ਮੰਗ ਵਧੀ ਹੈ। ਮੁੱਲ ਦੇ ਹਿਸਾਬ ਨਾਲ ਭਾਰਤ ਦੀ ਸੋਨੇ ਦੀ ਮੰਗ ਇਸ ਸਾਲ ਜਨਵਰੀ-ਮਾਰਚ ’ਚ ਸਾਲਾਨਾ ਆਧਾਰ ’ਤੇ 20 ਫੀ ਸਦੀ ਵਧ ਕੇ 75,470 ਕਰੋੜ ਰੁਪਏ ਰਹੀ। ਇਸ ਦਾ ਕਾਰਨ ਮਾਤਰਾ ’ਚ ਵਾਧੇ ਦੇ ਨਾਲ-ਨਾਲ ਤਿਮਾਹੀ ਔਸਤ ਕੀਮਤਾਂ ’ਚ 11 ਫ਼ੀ ਸਦੀ ਦਾ ਵਾਧਾ ਹੈ। 

ਵਰਲਡ ਗੋਲਡ ਕੌਂਸਲ (ਡਬਲਯੂ.ਜੀ.ਸੀ.) ਨੇ ਮੰਗਲਵਾਰ ਨੂੰ ਅਪਣੀ ਗਲੋਬਲ ਰੀਪੋਰਟ ‘ਗੋਲਡ ਡਿਮਾਂਡ ਟ੍ਰੈਂਡਸ 2024 ਦੀ ਪਹਿਲੀ ਤਿਮਾਹੀ’ ਜਾਰੀ ਕੀਤੀ। ਇਸ ਦੇ ਅਨੁਸਾਰ, ਭਾਰਤ ਦੀ ਕੁਲ ਸੋਨੇ ਦੀ ਮੰਗ, ਜਿਸ ’ਚ ਗਹਿਣੇ ਅਤੇ ਨਿਵੇਸ਼ ਦੋਵੇਂ ਸ਼ਾਮਲ ਹਨ, ... ਇਸ ਸਾਲ ਜਨਵਰੀ-ਮਾਰਚ ’ਚ ਵਧ ਕੇ 136.6 ਟਨ ਹੋ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 126.3 ਟਨ ਸੀ। ਭਾਰਤ ’ਚ ਸੋਨੇ ਦੀ ਕੁਲ ਮੰਗ ’ਚ ਗਹਿਣਿਆਂ ਦੀ ਮੰਗ 4 ਫੀ ਸਦੀ ਵਧ ਕੇ 95.5 ਟਨ ਰਹੀ। ਕੁਲ ਨਿਵੇਸ਼ ਮੰਗ (ਬਾਰ, ਸਿੱਕਿਆਂ ਆਦਿ ਦੇ ਰੂਪ ’ਚ) 19 ਫ਼ੀ ਸਦੀ ਵਧ ਕੇ 41.1 ਟਨ ਹੋ ਗਈ। 

ਭਾਰਤ ਵਿਚ ਡਬਲਯੂ.ਜੀ.ਸੀ. ਦੇ ਖੇਤਰੀ ਮੁੱਖ ਕਾਰਜਕਾਰੀ ਅਧਿਕਾਰੀ ਸਚਿਨ ਜੈਨ ਨੇ ਕਿਹਾ ਕਿ ਸੋਨੇ ਦੀ ਮੰਗ ਵਿਚ ਵਾਧਾ ਸੋਨੇ ਨਾਲ ਭਾਰਤੀਆਂ ਦੇ ਸਥਾਈ ਸਬੰਧਾਂ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਲਗਾਤਾਰ ਮਜ਼ਬੂਤ ਮੈਕਰੋ-ਆਰਥਕ ਵਾਤਾਵਰਣ ਸੋਨੇ ਦੇ ਗਹਿਣਿਆਂ ਦੀ ਖਪਤ ਨੂੰ ਸਮਰਥਨ ਦਿੰਦਾ ਹੈ, ਹਾਲਾਂਕਿ ਮਾਰਚ ਵਿਚ ਕੀਮਤਾਂ ਇਤਿਹਾਸਕ ਉਚਾਈ ਨੂੰ ਛੂਹ ਗਈਆਂ ਸਨ। ਇਸ ਨਾਲ ਤਿਮਾਹੀ ਦੇ ਅੰਤ ’ਚ ਵਿਕਰੀ ਘੱਟ ਰਹੀ। ਜੈਨ ਨੂੰ ਉਮੀਦ ਹੈ ਕਿ ਇਸ ਸਾਲ ਭਾਰਤ ’ਚ ਸੋਨੇ ਦੀ ਮੰਗ 700-800 ਟਨ ਦੇ ਕਰੀਬ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਕੀਮਤਾਂ ਵਧਦੀਆਂ ਰਹੀਆਂ ਤਾਂ ਮੰਗ ਇਸ ਰੇਂਜ ਦੇ ਹੇਠਲੇ ਪੱਧਰ ’ਤੇ ਹੋ ਸਕਦੀ ਹੈ। ਸਾਲ 2023 ’ਚ ਦੇਸ਼ ’ਚ ਸੋਨੇ ਦੀ ਮੰਗ 747.5 ਟਨ ਸੀ। 

ਪਹਿਲੀ ਵਾਰੀ ਬਦਲਿਆ ਰੁਝਾਨ

ਮੰਗ ’ਚ ਵਾਧੇ ਦੇ ਕਾਰਨਾਂ ਬਾਰੇ ਪੁੱਛੇ ਜਾਣ ’ਤੇ ਜੈਨ ਨੇ ਕਿਹਾ ਕਿ ਇਤਿਹਾਸਕ ਤੌਰ ’ਤੇ ਭਾਰਤ ਅਤੇ ਚੀਨ ਸਮੇਤ ਦੁਨੀਆਂ ’ਚ ਪੂਰਬੀ ਬਾਜ਼ਾਰ ਉਦੋਂ ਬਦਲਦਾ ਹੈ ਜਦੋਂ ਕੀਮਤਾਂ ਘੱਟ ਹੁੰਦੀਆਂ ਹਨ ਅਤੇ ਅਸਥਿਰਤਾ ਹੁੰਦੀ ਹੈ, ਜਦਕਿ ਪਛਮੀ ਬਾਜ਼ਾਰ ਉਦੋਂ ਬਦਲਦਾ ਹੈ ਜਦੋਂ ਕੀਮਤਾਂ ਵਧਦੀਆਂ ਹਨ। ਉਨ੍ਹਾਂ ਕਿਹਾ, ‘‘ਪਹਿਲੀ ਵਾਰ ਅਸੀਂ ਪੂਰੀ ਤਰ੍ਹਾਂ ਉਲਟ ਵੇਖਿਆ ਹੈ, ਜਿੱਥੇ ਭਾਰਤੀ ਅਤੇ ਚੀਨੀ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ ’ਚ ਵਾਧੇ ’ਤੇ ਬਦਲਾਅ ਆਇਆ ਹੈ।’’

ਵਿਸ਼ਵ ਪੱਧਰ ’ਤੇ ਸੋਨੇ ਦੀ ਮੰਗ 3 ਫੀ ਸਦੀ ਵਧ ਕੇ 1,238 ਟਨ ਰਹੀ

ਉਦਯੋਗ ਦੇ ਅੰਕੜਿਆਂ ਮੁਤਾਬਕ ਕੀਮਤਾਂ ਵਧਣ ਦੇ ਬਾਵਜੂਦ ਜਨਵਰੀ-ਮਾਰਚ ’ਚ ਗਲੋਬਲ ਪੱਧਰ ’ਤੇ ਸੋਨੇ ਦੀ ਮੰਗ 3 ਫੀ ਸਦੀ ਵਧ ਕੇ 1,238 ਟਨ ਰਹੀ। ਇਹ 2016 ਤੋਂ ਬਾਅਦ ਦੀ ਸੱਭ ਤੋਂ ਮਜ਼ਬੂਤ ਤਿਮਾਹੀ ਸੀ। ਡਬਲਯੂ.ਜੀ.ਸੀ. ਨੇ ਅਪਣੀ ਗਲੋਬਲ ਰੀਪੋਰਟ ’ਚ ਕਿਹਾ ਕਿ ਕੁਲ ਗਲੋਬਲ ਸੋਨੇ ਦੀ ਮੰਗ (ਓਵਰ-ਦ-ਕਾਊਂਟਰ ਖਰੀਦ ਸਮੇਤ) ਸਾਲਾਨਾ ਆਧਾਰ ’ਤੇ 3 ਫੀ ਸਦੀ ਵਧ ਕੇ 1,238 ਟਨ ਰਹੀ। ‘ਓਵਰ-ਦ-ਕਾਊਂਟਰ’ (ਓ.ਟੀ.ਸੀ.) ਲੈਣ-ਦੇਣ ਸਿੱਧੇ ਤੌਰ ’ਤੇ ਦੋ ਧਿਰਾਂ ਵਿਚਕਾਰ ਹੁੰਦਾ ਹੈ, ਜਦਕਿ ‘ਐਕਸਚੇਂਜ ਟ੍ਰੇਡਿੰਗ’ ਐਕਸਚੇਂਜ ਰਾਹੀਂ ਹੁੰਦਾ ਹੈ।

ਜਨਵਰੀ-ਮਾਰਚ ’ਚ ਓ.ਟੀ.ਸੀ. ਤੋਂ ਇਲਾਵਾ ਹੋਰ ਮੰਗ 2023 ਦੀ ਇਸੇ ਮਿਆਦ ਦੇ ਮੁਕਾਬਲੇ 5 ਫੀ ਸਦੀ ਘੱਟ ਕੇ 1,102 ਟਨ ਰਹਿ ਗਈ। ਵਰਲਡ ਗੋਲਡ ਕੌਂਸਲ ਦੇ ਸੀਨੀਅਰ ਮਾਰਕੀਟ ਵਿਸ਼ਲੇਸ਼ਕ ਲੁਈਸ ਸਟ੍ਰੀਟ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਮਾਰਚ ਤੋਂ ਬਾਅਦ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਹੋਏ ਵਾਧੇ ਦੇ ਪਿੱਛੇ ਕਈ ਕਾਰਕ ਹਨ, ਜਿਨ੍ਹਾਂ ’ਚ ਭੂ-ਸਿਆਸੀ ਜੋਖਮ ’ਚ ਵਾਧਾ ਅਤੇ ਮੌਜੂਦਾ ਮੈਕਰੋ-ਆਰਥਕ ਅਨਿਸ਼ਚਿਤਤਾ ਸ਼ਾਮਲ ਹੈ। 

ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕਾਂ ਦੀ ਨਿਰੰਤਰ ਅਤੇ ਮਜ਼ਬੂਤ ਮੰਗ, ਮਜ਼ਬੂਤ ਓ.ਟੀ.ਸੀ. ਨਿਵੇਸ਼ ਅਤੇ ਡੈਰੀਵੇਟਿਵਜ਼ ਬਾਜ਼ਾਰ ਵਿਚ ਸ਼ੁੱਧ ਖਰੀਦ ਵਧਣ ਨਾਲ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ। ਸਾਲ 2024 ਦੀਆਂ ਸੰਭਾਵਨਾਵਾਂ ਬਾਰੇ ਸਟ੍ਰੀਟ ਨੇ ਕਿਹਾ ਕਿ ਇਸ ਸਾਲ ਸੋਨੇ ਦਾ ਰਿਟਰਨ ਸਾਲ ਦੀ ਸ਼ੁਰੂਆਤ ਦੇ ਅਨੁਮਾਨ ਨਾਲੋਂ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ‘‘ਜੇ ਆਉਣ ਵਾਲੇ ਮਹੀਨਿਆਂ ’ਚ ਕੀਮਤਾਂ ਸਥਿਰ ਰਹਿੰਦੀਆਂ ਹਨ, ਤਾਂ ਕੁੱਝ ਕੀਮਤ-ਸੰਵੇਦਨਸ਼ੀਲ ਖਰੀਦਦਾਰ ਬਾਜ਼ਾਰ ’ਚ ਦੁਬਾਰਾ ਦਾਖਲ ਹੋ ਸਕਦੇ ਹਨ। ਨਿਵੇਸ਼ਕ ਸੁਰੱਖਿਅਤ ਨਿਵੇਸ਼ ਲਈ ਸੋਨੇ ਵਲ ਵੇਖਣਾ ਜਾਰੀ ਰਖਣਗੇ ਜਿੱਥੇ ਉਹ ਵਿਆਜ ਦਰਾਂ ’ਚ ਕਟੌਤੀ ਅਤੇ ਚੋਣ ਨਤੀਜਿਆਂ ਬਾਰੇ ਸਪੱਸ਼ਟਤਾ ਦੀ ਮੰਗ ਕਰਨਗੇ।’’