FDI Inflows: ਵਿੱਤੀ ਸਾਲ 2023-24 'ਚ FDI ਪ੍ਰਵਾਹ 3.49% ਘੱਟ ਕੇ 44.42 ਅਰਬ ਡਾਲਰ 'ਤੇ ਆਇਆ
ਅੰਕੜਿਆਂ ਮੁਤਾਬਕ ਮਹਾਰਾਸ਼ਟਰ ਨੂੰ ਪਿਛਲੇ ਵਿੱਤੀ ਸਾਲ 'ਚ ਸਭ ਤੋਂ ਵੱਧ 15.1 ਅਰਬ ਡਾਲਰ ਦਾ ਐੱਫਡੀਆਈ ਮਿਲਿਆ ਹੈ
FDI Inflows: ਨਵੀਂ ਦਿੱਲੀ - ਭਾਰਤ 'ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) 2023-24 'ਚ 3.49 ਫ਼ੀਸਦੀ ਘੱਟ ਕੇ 44.42 ਅਰਬ ਡਾਲਰ ਰਹਿ ਗਿਆ। ਇਹ ਗਿਰਾਵਟ ਸੇਵਾਵਾਂ, ਕੰਪਿਊਟਰ ਹਾਰਡਵੇਅਰ ਅਤੇ ਸਾੱਫਟਵੇਅਰ, ਦੂਰਸੰਚਾਰ, ਆਟੋਮੋਟਿਵ ਅਤੇ ਫਾਰਮਾਸਿਊਟੀਕਲ ਵਰਗੇ ਖੇਤਰਾਂ ਵਿੱਚ ਘੱਟ ਨਿਵੇਸ਼ ਕਾਰਨ ਹੈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ।
ਵਿੱਤੀ ਸਾਲ 2022-23 'ਚ ਐੱਫਡੀਆਈ ਪ੍ਰਵਾਹ 46.03 ਅਰਬ ਡਾਲਰ ਸੀ। ਹਾਲਾਂਕਿ ਵਿੱਤੀ ਸਾਲ 2023-24 ਦੀ ਜਨਵਰੀ-ਮਾਰਚ ਤਿਮਾਹੀ 'ਚ ਨਿਵੇਸ਼ 33.4 ਫ਼ੀਸਦੀ ਵਧ ਕੇ 12.38 ਅਰਬ ਡਾਲਰ ਰਿਹਾ। ਵਿੱਤੀ ਸਾਲ 2022-23 ਦੀ ਇਸੇ ਤਿਮਾਹੀ 'ਚ ਇਹ 9.28 ਅਰਬ ਡਾਲਰ ਸੀ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੇ ਅੰਕੜਿਆਂ ਮੁਤਾਬਕ 2023-24 'ਚ ਕੁੱਲ ਐੱਫਡੀਆਈ ਇਕ ਫੀਸਦੀ ਘੱਟ ਕੇ 70.95 ਅਰਬ ਡਾਲਰ ਰਹਿ ਗਿਆ, ਜੋ 2022-23 'ਚ 71.35 ਅਰਬ ਡਾਲਰ ਸੀ। ਵਿੱਤੀ ਸਾਲ 2022-23 'ਚ ਭਾਰਤ 'ਚ ਐੱਫਡੀਆਈ ਪ੍ਰਵਾਹ 'ਚ 22 ਫੀਸਦੀ ਦੀ ਗਿਰਾਵਟ ਆਈ ਹੈ।
ਕੁੱਲ ਐਫਡੀਆਈ ਵਿਚ ਇਕੁਇਟੀ ਪ੍ਰਵਾਹ, ਮੁੜ ਨਿਵੇਸ਼ ਕੀਤੀ ਆਮਦਨ ਅਤੇ ਹੋਰ ਪੂੰਜੀ ਸ਼ਾਮਲ ਹਨ। ਵਿੱਤੀ ਸਾਲ 2021-22 'ਚ ਐੱਫਡੀਆਈ ਪ੍ਰਵਾਹ ਸਭ ਤੋਂ ਵੱਧ 84.83 ਅਰਬ ਡਾਲਰ ਰਿਹਾ। ਵਿੱਤੀ ਸਾਲ 2023-24 'ਚ ਮਾਰੀਸ਼ਸ, ਸਿੰਗਾਪੁਰ, ਅਮਰੀਕਾ, ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਕੇਮੈਨ ਆਈਲੈਂਡਜ਼, ਜਰਮਨੀ ਅਤੇ ਸਾਈਪ੍ਰਸ ਸਮੇਤ ਪ੍ਰਮੁੱਖ ਦੇਸ਼ਾਂ ਤੋਂ ਐੱਫਡੀਆਈ ਇਕੁਇਟੀ ਪ੍ਰਵਾਹ 'ਚ ਗਿਰਾਵਟ ਆਈ ਹੈ। ਹਾਲਾਂਕਿ, ਨੀਦਰਲੈਂਡਜ਼ ਅਤੇ ਜਾਪਾਨ ਤੋਂ ਨਿਵੇਸ਼ ਵਿੱਚ ਵਾਧਾ ਹੋਇਆ ਹੈ।
ਸੈਕਟਰ ਦੇ ਹਿਸਾਬ ਨਾਲ ਸੇਵਾਵਾਂ, ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ, ਵਪਾਰ, ਦੂਰਸੰਚਾਰ, ਆਟੋਮੋਟਿਵ, ਫਾਰਮਾਸਿਊਟੀਕਲਅਤੇ ਰਸਾਇਣਾਂ ਦੇ ਪ੍ਰਵਾਹ 'ਚ ਗਿਰਾਵਟ ਆਈ ਹੈ। ਇਸ ਦੇ ਉਲਟ, ਨਿਰਮਾਣ (ਬੁਨਿਆਦੀ ਢਾਂਚਾ) ਗਤੀਵਿਧੀਆਂ, ਵਿਕਾਸ ਅਤੇ ਬਿਜਲੀ ਖੇਤਰਾਂ ਨੇ ਸਮੀਖਿਆ ਅਧੀਨ ਮਿਆਦ ਦੌਰਾਨ ਪ੍ਰਵਾਹ ਵਿੱਚ ਚੰਗਾ ਵਾਧਾ ਦਰਜ ਕੀਤਾ।
ਅੰਕੜਿਆਂ ਮੁਤਾਬਕ ਮਹਾਰਾਸ਼ਟਰ ਨੂੰ ਪਿਛਲੇ ਵਿੱਤੀ ਸਾਲ 'ਚ ਸਭ ਤੋਂ ਵੱਧ 15.1 ਅਰਬ ਡਾਲਰ ਦਾ ਐੱਫਡੀਆਈ ਮਿਲਿਆ ਹੈ। ਸਾਲ 2022-23 'ਚ ਇਹ ਅੰਕੜਾ 14.8 ਅਰਬ ਡਾਲਰ ਸੀ। ਇਸ ਤੋਂ ਬਾਅਦ ਗੁਜਰਾਤ 'ਚ 7.3 ਅਰਬ ਡਾਲਰ ਦਾ ਨਿਵੇਸ਼ ਹੋਇਆ, ਜੋ 2022-23 'ਚ 4.7 ਅਰਬ ਡਾਲਰ ਸੀ। ਤਾਮਿਲਨਾਡੂ, ਤੇਲੰਗਾਨਾ ਅਤੇ ਝਾਰਖੰਡ ਵਿੱਚ ਵੀ ਐਫਡੀਆਈ ਪ੍ਰਵਾਹ ਵਿੱਚ ਵਾਧਾ ਹੋਇਆ ਹੈ।
ਕਰਨਾਟਕ 'ਚ ਵਿਦੇਸ਼ੀ ਪੂੰਜੀ ਦਾ ਪ੍ਰਵਾਹ 2022-23 ਦੇ 10.42 ਅਰਬ ਡਾਲਰ ਤੋਂ ਘਟ ਕੇ 6.57 ਅਰਬ ਡਾਲਰ ਰਹਿ ਗਿਆ। ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਉਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ਾਮਲ ਹਨ, ਜਿਨ੍ਹਾਂ 'ਚ ਸਮੀਖਿਆ ਅਧੀਨ ਮਿਆਦ 'ਚ ਐੱਫਡੀਆਈ ਪ੍ਰਵਾਹ 'ਚ ਗਿਰਾਵਟ ਆਈ ਹੈ।