ਨਿਜੀ ਕੰਪਨੀ ਵੇਦਾਂਤਾ ਨੂੰ 55 'ਚੋਂ ਮਿਲੇ ਤੇਲ ਗੈਸ ਦੇ 41 ਬਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ 'ਚ ਖੁੱਲ੍ਹੇ ਤੌਰ 'ਤੇ ਬਲਾਕ ਨੀਲਾਮੀ ਸਿਸਟਮ 'ਚ ਨਿੱਜੀ ਖੇਤਰ ਦੀ ਵੇਦਾਂਤਾ ਲਿਮਟਿਡ ਨੇ ਬਾਜ਼ੀ ਮਾਰ ਲਈ........

Private company Vedanta

ਨਵੀਂ ਦਿੱਲੀ : ਦੇਸ਼ 'ਚ ਖੁੱਲ੍ਹੇ ਤੌਰ 'ਤੇ ਬਲਾਕ ਨੀਲਾਮੀ ਸਿਸਟਮ 'ਚ ਨਿੱਜੀ ਖੇਤਰ ਦੀ ਵੇਦਾਂਤਾ ਲਿਮਟਿਡ ਨੇ ਬਾਜ਼ੀ ਮਾਰ ਲਈ। ਅਨਿਲ ਅਗਰਵਾਲ ਦੀ ਵੇਦਾਂਤਾ ਨੇ ਸਰਕਾਰੀ ਤੇਲ ਕੰਪਨੀਆਂ ਨੂੰ ਪਛਾੜਦਿਆਂ 41 ਬਲਾਕ ਹਾਸਲ ਕੀਤੇ ਹਨ, ਜਦੋਂ ਕਿ ਸਰਕਾਰੀ ਖੇਤਰ ਦੀ ਓਐਨਜੀਸੀ ਨੇ ਹੋਰ ਸਹਿਯੋਗੀ ਕੰਪਨੀਆਂ ਨਾਲ ਮਿਲ ਕੇ 37 ਬਲਾਕਾਂ ਲਈ ਦਾਅਵੇਦਾਰੀ ਕੀਤੀ ਸੀ ਪਰ ਜਦੋਂ 55 ਬਲਾਕਾਂ ਦੀ ਵੰਡ ਹੋਈ ਤਾਂ ਮਹਿਜ਼ 14 ਬਲਾਕਾਂ ਨਾਲ ਹੀ ਸਬਰ ਕਰਨਾ ਪਿਆ। 

ਸਰਕਾਰੀ ਕੰਪਨੀਆਂ 'ਚ ਆਇਲ ਇੰਡੀਆ (ਓਆਈਐਲ) ਨੂੰ 9 ਬਲਾਕ, ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓਐਨਜੀਸੀ) ਨੂੰ ਸਿਰਫ਼ 2 ਬਲਾਕ, ਗੇਲ ਨੂੰ ਇਕ, ਭਾਰਤ ਪਟਰੌਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਖੋਜ ਅਤੇ ਉਤਪਾਦਨ ਇਕਾਈ ਨੂੰ ਇਕ ਅਤੇ ਹਿੰਦੁਸਤਾਨ ਆਇਲ ਐਕਸਪਲੋਰੇਸ਼ਨ ਕੰਪਨੀ (ਐਚਓਈਸੀ) ਨੂੰ ਇਕ-ਇਕ ਬਲਾਕ ਮਿਲਿਆ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤੇਲ ਅਤੇ ਗੈਸ ਦੇ ਖੇਤਰ 'ਚ ਦੇਸ਼ ਦੀ ਸੱਭ ਤੋਂ ਵੱਡੀ ਸਰਕਾਰੀ ਕੰਪਨੀ ਓਐਨਜੀਸੀ ਲਗਾਤਾਰ ਮੁਨਾਫ਼ਾ ਕਮਾ ਰਹੀ ਹੈ। ਬੇਸ਼ਕ ਹੀ ਦੇਸ਼ ਦੇ 157 ਜਨਤਕ ਇੰਟਰਪ੍ਰਾਈਜ਼ ਇਕ ਲੱਖ ਕਰੋੜ ਰੁਪਏ ਦੇ ਘਾਟੇ 'ਚ ਚੱਲ ਰਹੇ ਹੋਣ ਪਰ ਓਐਨਜੀਸੀ ਵਰਗੀਆਂ ਤੇਲ ਕੰਪਨੀਆਂ ਹਮੇਸ਼ਾ ਸਰਕਾਰ ਲਈ ਫ਼ਾਇਦੇਮੰਦ ਸਾਬਤ ਹੁੰਦੀਆਂ ਹਨ।

ਸਰਕਾਰੀ ਤੇਲ ਕੰਪਨੀ ਓਐਨਜੀਸੀ ਨੂੰ ਲਾਭ ਦੀ ਗੱਲ ਕਰੀਏ ਤਾਂ ਜੂਨ 'ਚ ਖ਼ਤਮ ਹੋਈ ਤਿਮਾਹੀ 'ਚ 6,143.88 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਸੀ। ਕੰਪਨੀ ਨੇ ਖ਼ੁਦ ਅਪਣੇ ਬਿਆਨ 'ਚ ਸਾਲ-ਦਰ-ਸਾਲ ਆਧਾਰ 'ਤੇ 58.15 ਫ਼ੀ ਸਦੀ ਦਾ ਮੁਨਾਫ਼ਾ ਦਰਜ ਹੋਣ ਦੀ ਗੱਲ ਕਹੀ ਸੀ। ਓਐਨਜੀਸੀ ਨੇ ਕਿਹਾ ਸੀ ਕਿ ਉਸ ਨੇ ਪਿਛਲੇ ਸਾਲ ਦੀ ਸਮਾਨ ਤਿਮਾਹੀ 'ਚ 3,884.73 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ ਸੀ। ਬਾਵਜੂਦ ਇਸ ਦੇ ਤੇਲ ਅਤੇ ਗੈਸ ਬਲਾਕ ਵੰਡ 'ਚ ਕੰਪਨੀ ਦੇ ਪਛੜਨ 'ਤੇ ਸਵਾਲ ਖੜ੍ਹੇ ਹੋ ਰਹੇ ਹਨ। (ਏਜੰਸੀ)