ਜੰਮੂ-ਕਸ਼ਮੀਰ ਦੇ ਭੱਦਰਵਾਹ ਰਾਜਮਾਂਹ, ਸੁਲਾਈ ਸ਼ਹਿਦ ਨੂੰ ਮਿਲਿਆ ‘ਜੀ.ਆਈ.’ ਦਾ ਦਰਜਾ

ਏਜੰਸੀ

ਖ਼ਬਰਾਂ, ਵਪਾਰ

ਕਿਸੇ ਉਤਪਾਦ ਨੂੰ ਜੀ.ਆਈ. ਦਾ ਦਰਜਾ ਮਿਲਣ ਨਾਲ ਉਸ ਇਲਾਕੇ ਦੇ ਲੋਕਾਂ ਦੀ ਆਰਥਕ ਖ਼ੁਸ਼ਹਾਲੀ ਵਧਦੀ ਹੈ

Bhaderwah Rajma, Ramban Sulai Honey

ਜੰਮੂ: ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਪ੍ਰਸਿੱਧ ਭੱਦਰਵਾਹ ਰਾਜਮਾਂਹ ਅਤੇ ਰਾਮਬਨ ਦੇ ਸੁਲਾਈ ਸ਼ਹਿਦ ਨੂੰ ਭੂਗੋਲਿਕ ਸੰਕੇਤਕ (ਜੀ.ਆਈ.) ਦਾ ਦਰਜਾ ਮਿਲ ਗਿਆ ਹੈ। 

ਅਧਿਕਾਰੀਆਂ ਨੇ ਕਿਹਾ ਕਿ ਜੀ.ਆਈ. ਦਾ ਦਰਜਾ ਮਿਲਣ ਮਗਰੋਂ ਇਲਾਕੇ ਦੇ ਇਨ੍ਹਾਂ ਮਸ਼ਹੂਰ ਉਤਪਾਦਾਂ ਦੀ ਕੌਮਂਤਰੀ ਪੱਧਰ ’ਤੇ ਪਛਾਣ ਬਣਾਉਣ ’ਚ ਮਦਦ ਮਿਲੇਗੀ। 

ਜੰਮੂ ਦੀਆਂ ਜਥੇਬੰਦੀਆਂ ਨੇ ਪਿਛਲੇ ਸਾਲ ਜੰਮੂ ਖੇਤਰ ਦੇ ਵੱਖੋ-ਵੱਖ ਜ਼ਿਲ੍ਹਿਆਂ ’ਚੋਂ ਅੱਠ ਵੱਖ-ਵੱਖ ਰਵਾਇਤੀ ਵਸਤਾਂ ਲਈ ਜੀ.ਆਈ. ਟੈਗ ਲਈ ਬਿਨੈ ਕੀਤਾ ਸੀ।
ਖੇਤੀ ਉਤਪਾਦਨ ਅਤੇ ਕਿਸਾਨ ਭਲਾਈ ਡਾਇਰੈਕਟਰ-ਜੰਮੂ ਦੇ ਕੇ. ਸ਼ਰਮਾ ਨੇ ਕਿਹਾ, ‘‘ਡੋਡਾ ਅਤੇ ਰਾਮਬਨ ਜ਼ਿਲ੍ਹਿਆਂ ਨੂੰ ਅੱਜ ਦੋ ਭੂਗੋਲਿਕ ਸੰਕੇਤਕ ਮਿਲੇ ਹਨ। ਇਹ ਰਾਮਬਨ ਜ਼ਿਲ੍ਹੇ ਦਾ ਸੁਲਾਈ ਸ਼ਹਿਦ ਹੈ। ਇਹ ਚਨਾਬ ਵਾਦੀ ਦੇ ਦੋ ਮਹੱਤਵਪੂਰਨ ਉਤਪਾਦ ਹਨ।’’

ਉਨ੍ਹਾਂ ਕਿਹਾ ਕਿ ਇਹ ਉਤਪਾਦ ਖੇਤਰ ਦੇ ਸਮਾਜਕ-ਆਰਥਕ ਵਿਕਾਸ ਦਾ ਜ਼ਰੀਆ ਹਨ। ਜੀ.ਆਈ. ਦੇ ਦਰਜੇ ਨਾਲ ਕਿਸਾਨਾਂ ਦੀ ਆਮਦਨ ਦੁਗਣਾ ਕਰਨ ’ਚ ਮਦਦ ਮਿਲੇਗੀ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ’ਚ ਬ੍ਰਿਟੇਨ ਦੀ ਅਪਣੀ ਯਾਤਰਾ ਦੌਰਾਨ ਮਹਾਰਾਨੀ ਐਲੀਜ਼ਾਬੈੱਥ ਨੂੰ ਜੈਵਿਕ ਸੁਲਾਈ ਸ਼ਹਿਦ ਤੋਹਫ਼ੇ ’ਚ ਦਿਤਾ ਸੀ। 
ਸ਼ਰਮਾ ਨੇ ਕਿਹਾ ਕਿ ਵਿਭਾਗ ਨੇ ਇਨ੍ਹਾਂ ਉਤਪਾਦਾਂ ਲਈ ਭੂਗੋਲਿਕ ਸੰਕੇਤਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਲਈ ਮੰਗਲਵਾਰ ਨੂੰ ਇਸ ਦੀ ਇਜਾਜ਼ਤ ਮਿਲ ਗਈ। 

ਭੂਗੋਲਿਕ ਸੰਕੇਤਕ ਜਾਂ ਜੀ.ਆਈ. ਟੈਗ ਇਕ ਲੇਬਲ ਹੈ ਜੋ ਕਿਸੇ ਵਿਸ਼ੇਸ਼ ਉਤਪਾਦ ’ਤੇ ਲਾਇਆ ਜਾਂਦਾ ਹੈ। ਇਹ ਕਿਸੇ ਵਿਸ਼ੇਸ਼ ਭੂਗੋਲਿਕ ਖੇਤਰ ਜਾਂ ਮੂਲ ਦੇਸ਼ ਨੂੰ ਦਰਸਾਉਂਦਾ ਹੈ। ਇਹ ਦਰਜਾ ਅਜਿਹੇ ਉਤਪਾਦਾਂ ਦੇ ਤੀਜੇ ਪੱਖ ਵਲੋਂ ਦੁਰਉਪਯੋਗ ਨੂੰ ਰੋਕਦਾ ਹੈ।

ਉਨ੍ਹਾਂ ਕਿਹਾ ਕਿ ਜੀ.ਆਈ. ਦਾ ਦਰਜਾ ਬੌਧਿਕ ਸੰਪਤੀ ਅਧਿਕਾਰ (ਆਈ.ਪੀ.ਆਰ.) ਦਾ ਇਕ ਰੂਪ ਹੈ ਜੋ ਇਕ ਵਿਸ਼ੇਸ਼ ਭੂਗੋਲਿਕ ਸਥਾਨ ਤੋਂ ਪੈਦਾ ਹੋਣ ਵਾਲੇ ਅਤੇ ਉਸ ਸਥਾਨ ਨਾਲ ਜੁੜੇ ਵਿਸ਼ੇਸ਼ ਕਿਸਮ, ਮਿਆਰ ਅਤੇ ਵਿਸ਼ੇਸ਼ਤਾਵਾਂ ਵਾਲੇ ਸਮਾਨ ਦੀ ਪਛਾਣ ਕਰਦਾ ਹੈ। 

ਡਾਇਰੈਕਟਰ ਨੇ ਕਿਹਾ, ‘‘ਹੁਣ ਸਿਰਫ਼ ਆਥੋਰਾਈਜ਼ਡ ਪ੍ਰਯੋਗਕਰਤਾ ਕੋਲ ਹੀ ਇਨ੍ਹਾਂ ਉਤਪਾਦਾਂ ਬਾਬਤ ਭੂਗੋਲਿਕ ਸੰਕੇਤਕ ਦਾ ਪ੍ਰਯੋਗ ਕਰਨ ਦਾ ਵਿਸ਼ੇਸ਼ ਅਧਿਕਾਰ ਹੈ।’’ ਉਨ੍ਹਾਂ ਕਿਹਾ, ‘‘ਕੋਈ ਵੀ ਵਿਅਕਤੀ ਅਪਣੇ ਭੂਗੋਲਿਕ ਖੇਤਰਾਂ ਤੋਂ ਪਰ੍ਹੇ ਇਸ ਦੀ ਨਕਲ ਨਹੀਂ ਕਰ ਸਕਦਾ ਹੈ।’’ ਕਿਸੇ ਉਤਪਾਦ ਨੂੰ ਜੀ.ਆਈ. ਦਾ ਦਰਜਾ ਮਿਲਣ ਨਾਲ ਉਸ ਇਲਾਕੇ ਦੇ ਲੋਕਾਂ ਦੀ ਆਰਥਕ ਖ਼ੁਸ਼ਹਾਲੀ ਵਧਦੀ ਹੈ।