ਘਰੇਲੂ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ, ਸੈਂਸੈਕਸ 1,272 ਅੰਕ ਡਿੱਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਏਸ਼ੀਆਈ ਬਾਜ਼ਾਰਾਂ ’ਚ ਕਮਜ਼ੋਰੀ, ਮੱਧ ਪੂਰਬ ’ਚ ਵਧਦੇ ਤਣਾਅ ਅਤੇ ਵਿਦੇਸ਼ੀ ਪੂੰਜੀ ਦੇ ਚੀਨ ਵਲ ਰੁਖ ਕਰਨ ਦੇ ਡਰ ਨੇ ਬਾਜ਼ਾਰ ਨੂੰ ਵੱਡਾ ਝਟਕਾ ਦਿਤਾ

Big fall in the domestic stock market, Sensex fell 1,272 points

ਮੁੰਬਈ: ਪਛਮੀ  ਏਸ਼ੀਆ ’ਚ ਵਧਦੇ ਤਣਾਅ ਅਤੇ ਜਾਪਾਨੀ ਬਾਜ਼ਾਰ ’ਚ ਕਮਜ਼ੋਰ ਰੁਝਾਨ ਦੇ ਵਿਚਕਾਰ ਸੋਮਵਾਰ ਨੂੰ ਪ੍ਰਮੁੱਖ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ। ਸੈਂਸੈਕਸ 1,272 ਅੰਕ ਡਿੱਗ ਗਿਆ, ਜਦਕਿ  ਨਿਫਟੀ ਨੇ 368 ਅੰਕਾਂ ਦਾ ਗੋਤਾ ਲਾਇਆ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਚ.ਡੀ.ਐਫ.ਸੀ. ਬੈਂਕ ’ਚ ਭਾਰੀ ਵਿਕਰੀ ਦੇ ਨਾਲ-ਨਾਲ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਵੀ ਬਾਜ਼ਾਰ ’ਚ ਗਿਰਾਵਟ ਆਈ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,272.07 ਅੰਕ ਯਾਨੀ 1.49 ਫੀ ਸਦੀ  ਦੀ ਗਿਰਾਵਟ ਨਾਲ 84,299.78 ਅੰਕ ’ਤੇ  ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ 1,314.71 ਅੰਕ ਡਿੱਗ ਕੇ 84,257.14 ਅੰਕ ’ਤੇ  ਆ ਗਿਆ ਸੀ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 368.10 ਅੰਕ ਯਾਨੀ 1.41 ਫੀ ਸਦੀ  ਡਿੱਗ ਕੇ 25,810.85 ਅੰਕ ’ਤੇ  ਬੰਦ ਹੋਇਆ।

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਪ੍ਰਚੂਨ ਖੋਜ ਮੁਖੀ ਦੀਪਕ ਜਸਾਨੀ ਨੇ ਕਿਹਾ ਕਿ ਨਿਫਟੀ ਲਈ ਇਹ ਪਿਛਲੇ ਦੋ ਮਹੀਨਿਆਂ ਦਾ ਸੱਭ ਤੋਂ ਖਰਾਬ ਦਿਨ ਸੀ। ਏਸ਼ੀਆਈ ਬਾਜ਼ਾਰਾਂ ’ਚ ਕਮਜ਼ੋਰੀ, ਮੱਧ ਪੂਰਬ ’ਚ ਵਧਦੇ ਤਣਾਅ ਅਤੇ ਚੀਨੀ ਸਰਕਾਰ ਦੇ ਪ੍ਰੋਤਸਾਹਨ ਉਪਾਵਾਂ ਕਾਰਨ ਵਿਦੇਸ਼ੀ ਪੂੰਜੀ ਦੇ ਚੀਨ ਵਲ ਰੁਖ ਕਰਨ ਦੇ ਡਰ ਨੇ ਬਾਜ਼ਾਰ ਨੂੰ ਵੱਡਾ ਝਟਕਾ ਦਿਤਾ।

ਸੈਂਸੈਕਸ ਦੇ ਸ਼ੇਅਰਾਂ ’ਚ ਰਿਲਾਇੰਸ ਇੰਡਸਟਰੀਜ਼ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ’ਚ 3 ਫੀ ਸਦੀ  ਤੋਂ ਜ਼ਿਆਦਾ ਦੀ ਗਿਰਾਵਟ ਆਈ। ਇਨ੍ਹਾਂ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਬੈਂਕ, ਨੈਸਲੇ, ਟੈਕ ਮਹਿੰਦਰਾ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ ਸੁਜ਼ੂਕੀ, ਬਜਾਜ ਫਿਨਸਰਵ, ਸਟੇਟ ਬੈਂਕ ਆਫ ਇੰਡੀਆ (ਐਸ.ਬੀ.ਆਈ.) ਅਤੇ ਟਾਟਾ ਮੋਟਰਜ਼ ਦੇ ਸ਼ੇਅਰਾਂ ’ਚ ਵੀ ਗਿਰਾਵਟ ਆਈ।

ਦੂਜੇ ਪਾਸੇ ਜੇ.ਐਸ.ਡਬਲਯੂ. ਸਟੀਲ, ਐਨ.ਟੀ.ਪੀ.ਸੀ., ਟਾਟਾ ਸਟੀਲ, ਟਾਈਟਨ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। ਬੀਐਸਈ ਦਾ ਮਿਡਕੈਪ ਇੰਡੈਕਸ 0.28 ਫੀ ਸਦੀ  ਡਿੱਗਿਆ, ਜਦਕਿ  ਸਮਾਲਕੈਪ ਇੰਡੈਕਸ 0.07 ਫੀ ਸਦੀ  ਦੀ ਮਾਮੂਲੀ ਤੇਜ਼ੀ ਵੇਖਣ  ਨੂੰ ਮਿਲਿਆ।ਸੈਕਟਰਲ ਇੰਡੈਕਸ ’ਚ ਆਟੋ ਸੈਗਮੈਂਟ ’ਚ ਸੱਭ ਤੋਂ ਜ਼ਿਆਦਾ 1.91 ਫੀ ਸਦੀ , ਬੈਂਕ ’ਚ 1.82 ਫੀ ਸਦੀ  ਅਤੇ ਰੀਅਲਟੀ ’ਚ 1.80 ਫੀ ਸਦੀ  ਦੀ ਗਿਰਾਵਟ ਆਈ। ਦੂਜੇ ਪਾਸੇ ਮੈਟਲ ਅਤੇ ਕਮੋਡਿਟੀ ਸੈਗਮੈਂਟ ’ਚ ਤੇਜ਼ੀ ਆਈ।

ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਵੱਡੀ ਗਿਰਾਵਟ ਨਾਲ ਬੰਦ ਹੋਏ, ਜਦਕਿ  ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਤੇਜ਼ੀ ਨਾਲ ਬੰਦ ਹੋਏ। ਜਾਪਾਨ ਦਾ ਬੈਂਚਮਾਰਕ ਨਿੱਕੇਈ 225 ਲਗਭਗ 5 ਫੀ ਸਦੀ  ਡਿੱਗ ਗਿਆ। ਇਸ ਦੇ ਉਲਟ ਸ਼ੰਘਾਈ ਕੰਪੋਜ਼ਿਟ ’ਚ 8 ਫੀ ਸਦੀ  ਦਾ ਵੱਡਾ ਉਛਾਲ ਵੇਖਣ  ਨੂੰ ਮਿਲਿਆ।

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਜ਼ਬਰਦਸਤ ਵਿਕਰੀ ਕੀਤੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੁਕਰਵਾਰ  ਨੂੰ 1,209.10 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.19 ਫੀ ਸਦੀ  ਦੀ ਗਿਰਾਵਟ ਨਾਲ 71.84 ਡਾਲਰ ਪ੍ਰਤੀ ਬੈਰਲ ’ਤੇ  ਕਾਰੋਬਾਰ ਕਰ ਰਿਹਾ ਸੀ।