ਇੰਡੀਗੋ ਦੀ ਦਿੱਲੀ-ਮੁੰਬਈ ਉਡਾਣ ਦੌਰਾਨ ਮੁਸਾਫ਼ਰਾਂ ਨੂੰ ਦਿਤੇ ਗਏ ਸੈਂਡਵਿਚ ’ਚ ਮਿਲਿਆ ਜ਼ਿੰਦਾ ਕੀੜਾ 

ਏਜੰਸੀ

ਖ਼ਬਰਾਂ, ਵਪਾਰ

ਏਅਰਲਾਈਨ ਨੇ ਇਸ ਲਈ ਮੁਆਫੀ ਮੰਗ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ

sandwich

ਨਵੀਂ ਦਿੱਲੀ: ਕੌਮੀ ਰਾਜਧਾਨੀ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ’ਚ ਸਵਾਰ ਇਕ ਮੁਸਾਫ਼ਰ ਨੇ ਦਸਿਆ ਕਿ ਉਸ ’ਚ ਦਿਤੇ ਗਏ ਸੈਂਡਵਿਚ ’ਚ ਕੀੜਾ ਪਾਇਆ ਗਿਆ। ਮੁਸਾਫ਼ਰ ਨੇ ਇਸ ਵੀਡੀਉ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਏਅਰਲਾਈਨ ਨੇ ਇਸ ਲਈ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਘਟਨਾ ਸ਼ੁਕਰਵਾਰ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਉਡਾਣ 6ਈ 6107 ’ਚ ਵਾਪਰੀ। ਮਹਿਲਾ ਮੁਸਾਫ਼ਰ ਖੁਸ਼ਬੂ ਗੁਪਤਾ ਨੇ ਇੰਸਟਾਗ੍ਰਾਮ ’ਤੇ ਉਡਾਣ ਦੌਰਾਨ ਦਿਤੇ ਗਏ ਸੈਂਡਵਿਚ ’ਚ ਪਾਏ ਜਾਣ ਵਾਲੇ ਕੀੜਿਆਂ ਦੀ ਇਕ ਛੋਟੀ ਜਿਹੀ ਵੀਡੀਉ ਸਾਂਝੀ ਕੀਤੀ ਹੈ। 

ਵੀਡੀਉ ਬਾਰੇ ਸੰਪਰਕ ਕੀਤੇ ਜਾਣ ’ਤੇ ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਦਿੱਲੀ ਤੋਂ ਮੁੰਬਈ ਜਾ ਰਹੀ 6ਈ 6107 ਦੀ ਘਟਨਾ ਬਾਰੇ ਇਕ ਗਾਹਕ ਵਲੋਂ ਉਠਾਈਆਂ ਗਈਆਂ ਚਿੰਤਾਵਾਂ ਤੋਂ ਜਾਣੂ ਹੈ। 

ਬੁਲਾਰੇ ਨੇ ਸਨਿਚਰਵਾਰ ਨੂੰ ਇਕ ਬਿਆਨ ਵਿਚ ਕਿਹਾ, ‘‘ਜਾਂਚ ਤੋਂ ਬਾਅਦ ਸਾਡੀ ਟੀਮ ਨੇ ਤੁਰਤ ਸੈਂਡਵਿਚ ਪਰੋਸਣਾ ਬੰਦ ਕਰ ਦਿਤਾ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਸੀਂ ਉਚਿਤ ਸੁਧਾਰਾਤਮਕ ਕਦਮ ਚੁੱਕਣ ਲਈ ਅਪਣੇ ਰਸੋਈ ਸਟਾਫ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਮੁਸਾਫ਼ਰ ਨੂੰ ਹੋਈ ਕਿਸੇ ਵੀ ਅਸੁਵਿਧਾ ਲਈ ਅਸੀਂ ਦਿਲੋਂ ਮੁਆਫੀ ਮੰਗਦੇ ਹਾਂ।’’