ਆਲੂ ਦੀ ਨਵੀਂ ਫ਼ਸਲ ਦਾ ਘਟਿਆ ਝਾੜ, ਕਿਸਾਨ ਪ੍ਰੇਸ਼ਾਨ

ਖ਼ਬਰਾਂ, ਵਪਾਰ

ਆਦਮਪੁਰ, 6 ਦਸੰਬਰ (ਸੁਭਾਸ਼ ਗੁਪਤਾ) : ਆਲੂ ਕਾਸ਼ਤਕਾਰਾਂ ਨੂੰ ਮੰਦੀ ਦੀ ਇਕ ਹੋਰ ਮਾਰ ਪੈਣੀ ਸ਼ੁਰੂ ਹੋ ਗਈ ਹੈ। ਪਹਿਲੀ ਮਾਰ ਉਦੋਂ ਪਈ ਸੀ ਜਦ ਮੋਦੀ ਸਰਕਾਰ ਨੇ ਸਾਰੇ ਦੇਸ਼ ਵਿਚ ਅਚਾਨਕ ਨੋਟਬੰਦੀ ਲਾਗੂ ਕਰ ਦਿਤੀ ਸੀ। ਕਿਸਾਨਾਂ ਨੂੰ ਉਦੋਂ ਆਲੂਆਂ ਦਾ ਬੀਜ ਸੜਕਾਂ 'ਤੇ ਸੁੱਟਣ ਲਈ ਮਜਬੂਰ ਹੋਣਾ ਪਿਆ ਸੀ ਤੇ ਕਿਸਾਨਾਂ ਦੀ ਲੱਖਾਂ ਦੀ ਰਕਮ ਫਸ ਗਈ ਸੀ। ਉਸ ਵੇਲੇ ਦਾ ਭੰਡਾਰ ਕੀਤਾ ਆਲੂ ਹਾਲੇ ਤਕ ਸਟੋਰਾਂ ਵਿਚ ਪਿਆ ਹੈ।
ਇਸੇ ਕਾਰਨ ਆਲੂ ਕਾਸ਼ਤਕਾਰ ਆਲੂ ਦੀ ਫ਼ਸਲ ਬੀਜਣ ਤੋਂ ਹੱਥ ਖੜੇ ਕਰਨ ਲੱਗ ਪਏ ਹਨ।  ਮੌਸਮ ਮਾਹਰਾਂ ਅਨੁਸਾਰ ਗਰਮੀ ਵੱਧ ਪੈਣ ਕਾਰਨ ਤੇ ਸਰਦੀ ਦੇਰ ਨਾਲ ਸ਼ੁਰੂ ਹੋਣ ਕਰ ਕੇ ਆਲੂ ਦਾ ਝਾੜ ਘੱਟ ਨਿਕਲ ਰਿਹਾ ਹੈ। ਕੱਚੀ ਪੁਟਾਈ 'ਚ ਵਧੀਆ ਫ਼ਸਲ ਦਾ ਔਸਤਨ ਝਾੜ 90 ਤੋਂ 100 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ ਪਰ ਇਸ ਵਾਰ ਔਸਤਨ ਝਾੜ 50 ਕੁਇੰਟਲ ਹੀ ਨਿਕਲ ਰਿਹਾ ਹੈ। ਆਲੂ ਕਾਸ਼ਤਕਾਰ ਪਾਲ ਸਿੰਘ ਨੇ ਦਸਿਆ ਕਿ ਆਲੂ ਦੀ ਮੰਦੀ ਕਾਰਨ ਆਲੂ ਦੀ ਫ਼ਸਲ ਦੀ 15/20 ਫ਼ੀ ਸਦੀ ਘੱਟ ਬੀਜਾਈ ਹੋਈ ਹੈ। 20 ਤੋਂ 25 ਫ਼ੀ ਸਦੀ ਪੁਰਾਣੀ ਫ਼ਸਲ ਹਾਲੇ ਵੀ ਸਟੋਰਾਂ ਵਿਚ ਪਈ ਹੈ ਜਿਸ ਦੀ ਕੀਮਤ 35 ਰੁਪਏ ਪ੍ਰਤੀ ਬੋਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਆਲੂ ਦੀ ਮੰਗ ਬਾਜ਼ਾਰ ਵਿਚ ਵਧੇਰੇ ਕੀਤੀ ਜਾ ਰਹੀ ਹੈ ਪਰ ਕੱਚੀ ਪੁਟਾਈ ਵਾਲੀ ਫ਼ਸਲ ਦਾ ਝਾੜ ਘੱਟ ਨਿਕਲ ਰਿਹਾ ਹੈ।  (ਬਾਕੀ ਸਫ਼ਾ 8 'ਤੇ)ਉਨ੍ਹਾਂ ਕਿਹਾ ਕਿ ਸਟੋਰਾਂ ਵਿਚ ਪਿਆ ਆਲੂ ਸਟੋਰ ਦਾ ਖ਼ਰਚਾ ਵੀ ਪੂਰਾ ਨਹੀਂ ਕਰਦਾ। ਕਿਸਾਨਾਂ ਅਤੇ ਸਟੋਰ ਮਾਲਕਾਂ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ। ਵੱਖ ਵੱਖ ਪਿੰਡਾਂ ਦੇ ਕਿਸ਼ਾਨਾਂ ਵਿਚ ਸੁਖਜੀਤ ਸਿੰਘ ਨੀਲਾ, ਸ਼ਿੰਗਾਰਾ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ ਨੇ ਕਿਹਾ ਕਿ ਨਵੇਂ ਆਲੂਆਂ ਦੀ ਮੰਗ ਕਾਰਨ ਕੱਚੀ ਪੁਟਾਈ ਵਾਲੀ ਫ਼ਸਲ ਦਾ ਚੰਗਾ ਭਾਅ 1000 ਤੋਂ ਲੈ ਕੇ 1100 ਰੁਪਏ ਪ੍ਰਤੀ ਬੋਰੀ ਮਿਲ ਰਿਹਾ ਹੈ। ਕੱਚੀ ਪੁਟਾਈ ਦਾ ਕੰਮ 10 ਦਿਨ ਵਿਚ ਪੂਰਾ ਹੋ ਜਾਵੇਗਾ ਅਤੇ ਕਣਕ ਦੀ ਬੀਜਾਈ ਵੀ ਹੋ ਜਾਵੇਗੀ।