ਆਸਮਾਨ ਛੂਹ ਰਹੀਆਂ ਤੇਲ ਕੀਮਤਾਂ ਨੇ ਲੋਕਾਂ ਦਾ ਹਿਲਾਇਆ ਬਜਟ

ਖ਼ਬਰਾਂ, ਵਪਾਰ

ਨਵੀਂ ਦਿੱਲੀ, 15 ਜਨਵਰੀ: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਤੋਂ ਬਾਅਦ ਦੇਸ਼ 'ਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ।ਪਟਰੌਲ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ 'ਚ ਵੀ ਲਗਾਤਾਰ ਤੇਜ਼ੀ ਬਣੀ ਹੋਈ ਹੈ। ਸੋਮਵਾਰ ਨੂੰ ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ 'ਚ ਪਟਰੌਲ ਦੀ ਕੀਮਤ 79.06 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ ਸੀ, ਜੋ ਮੁੰਬਈ 'ਚ 3 ਮਹੀਨੇ 'ਚ ਸੱਭ ਤੋਂ ਜ਼ਿਆਦਾ ਕੀਮਤ ਹੈ। ਇਸੇ ਤਰ੍ਹਾਂ ਰਾਜਧਾਨੀ ਦਿੱਲੀ 'ਚ ਕੀਮਤ 71.18 ਰੁਪਏ ਹੋ ਗਈ ਹੈ ਜੋ ਅਗੱਸਤ 2014 ਤੋਂ ਬਾਅਦ ਸੱਭ ਤੋਂ ਜ਼ਿਆਦਾ ਕੀਮਤ ਹੈ।ਮੱਧ-ਪ੍ਰਦੇਸ਼ 'ਚ ਕਰੀਬ ਇਕ ਹਫ਼ਤੇ ਤੋਂ ਪਟਰੌਲ 76 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇੰਡੀਅਨ ਆਇਲ ਮੁਤਾਬਕ ਸੋਮਵਾਰ ਸਵੇਰੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਡੀਜ਼ਲ ਦੀ ਕੀਮਤ 67.08 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹੈਦਰਾਬਾਦ ਤੋਂ ਇਲਾਵਾ ਕੇਰਲ ਦੇ ਤ੍ਰਿਵੇਂਦ੍ਰਮ 'ਚ ਵੀ  ਡੀਜ਼ਲ ਦੀ ਕੀਮਤ 67.05 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ।

ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਛੱਤੀਸਗੜ੍ਹ ਦੇ ਰਾਏਪੁਰ 'ਚ ਕੀਮਤ 66.71 ਰੁਪਏ, ਰਾਜਸਥਾਨ ਦੇ ਜੈਪੁਰ 'ਚ 66.16 ਰੁਪਏ, ਗੁਜਰਾਤ ਦੇ ਗਾਂਧੀਨਗਰ 'ਚ 66.36 ਰੁਪਏ ਅਤੇ ਉੜੀਸਾ ਦੇ ਭੂਵਨੇਸ਼ਵਰ 'ਚ 66.22 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਅੱਜ ਸੋਮਵਾਰ ਨੂੰ ਕਲਕੱਤਾ 'ਚ ਪਟਰੌਨ ਦੀ ਕੀਮਤ 73.91 ਰੁਪਏ ਅਤੇ ਚੇਨਈ 'ਚ 73.80 ਰੁਪਏ ਪ੍ਰਤੀ ਲੀਟਰ ਹੈ। ਹਾਲਾਂ ਕਿ ਵਧੀਆਂ ਹੋਈਆਂ ਕੀਮਤਾਂ ਦੇ ਬਾਵਜੂਦ ਲੋਕ ਪਟਰੌਲ ਅਤੇ ਡੀਜ਼ਲ 'ਤੇ 0.75 ਫ਼ੀ ਸਦੀ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਜੇਕਰ ਖ਼ਪਤਕਾਰ ਡੀਜ਼ਲ ਜਾਂ ਪਟਰੌਲ ਭਰਵਾਉਣ ਵੇਲੇ ਪੈਸਿਆਂ ਦੀ ਅਦਾਇਗੀ ਡਿਜੀਟਲ ਮਾਧਿਅਮ ਰਾਹੀਂ ਕਰਦੇ ਹਨ ਤਾਂ ਇਸ 'ਤੇ ਉਨ੍ਹਾਂ ਨੂੰ 0.75 ਫ਼ੀ ਸਦੀ ਦੀ ਛੋਟ ਮਿਲੇਗੀ। ਡਿਜੀਟਲ ਅਦਾਇਗੀ ਲਈ ਤੁਹਾਨੂੰ ਅਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਭੀਮ ਐਪ, ਪੇ.ਟੀ.ਐਮ. ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਡਿਜੀਟਲ ਮਾਧਿਅਮ ਦੀ ਵਰਤੋਂ ਕਰਨੀ ਹੋਵੇਗੀ।   (ਏਜੰਸੀ)