ਬਿਟਕੁਆਇਨ 'ਚ ਨਿਵੇਸ਼ ਨਾ ਕਰਨ ਸਬੰਧੀ ਆਰ.ਬੀ.ਆਈ. ਨੇ ਦਿਤੀ ਮੁੜ ਚੇਤਾਵਨੀ

ਖ਼ਬਰਾਂ, ਵਪਾਰ

ਮੁੰਬਈ, 6 ਦਸੰਬਰ: ਬਿਟਕੁਆਇਨ 'ਚ ਉਛਾਲ ਨੂੰ ਦੇਖਦਿਆਂ ਜਿਵੇਂ-ਜਿਵੇਂ ਨਿਵੇਸ਼ਕਾਂ ਦਾ ਰੁਝਾਨ ਇਸ ਪ੍ਰਤੀ ਵਧ ਰਿਹਾ ਹੈ, ਇਸ ਨੂੰ ਦੇਖਦਿਆਂ ਰਿਜ਼ਰਵ ਬੈਂਕ ਨੇ ਜਨਤਾ ਨੂੰ ਵਰਚੂਅਲ ਕਰੰਸੀ 'ਚ ਨਿਵੇਸ਼ ਨਾ ਕਰਨ ਸਬੰਧੀ ਚੇਤਾਵਨੀ ਦਿਤੀ ਹੈ।ਇਸ ਤੋਂ ਪਹਿਲਾਂ ਵੀ ਕੇਂਦਰੀ ਬੈਂਕ ਇਸ ਸਬੰਧੀ ਖ਼ਤਰਿਆਂ ਨੂੰ ਦੇਖਦਿਆਂ ਚੇਤਾਵਨੀ ਦੇ ਚੁਕਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਵਰਚੂਅਲ ਕਰੰਸੀ ਦੀ ਵੈਲਿਊ 'ਚ ਆਏ ਉਛਾਲ ਅਤੇ ਇਨੀਸ਼ੀਅਲ ਕੁਆਇਨ ਆਫ਼ਰਿੰਗ (ਆਈ.ਸੀ.ਓ.) 'ਚ ਹੋਏ ਵਾਧੇ ਨੂੰ ਦੇਖਦਿਆਂ ਰਿਜ਼ਰਵ ਬੈਂਕ ਅਪਣੀ ਚਿੰਤਾ ਜ਼ਾਹਰ ਕਰਦਾ ਹੈ। ਜ਼ਿਕਰਯੋਗ ਹੈ ਕਿ ਬਿਟਕੁਆਇਨ ਨੂੰ ਰਿਜ਼ਰਵ ਬੈਂਕ ਮਾਨਤਾ ਨਹੀਂ ਦਿੰਦਾ ਅਤੇ ਇਸ 'ਚ ਪਿਛਲੇ ਇਕ ਹਫ਼ਤੇ 'ਚ ਭਾਰੀ ਉਛਾਲ ਆਇਆ ਹੈ

 ਅਤੇ ਇਹ 11,000 ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਹੈ।24 ਦਸੰਬਰ 2013 ਨੂੰ ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਵਰਚੂਅਲ ਕਰੰਸੀ ਦਾ ਪੂੰਜੀ ਦੇ ਰੂਪ 'ਚ ਕੋਈ ਆਧਾਰ ਨਹੀਂ ਹੈ। ਇਸ ਦੇ ਵੈਲਿਊ ਰੁਕਾਵਟਾਂ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ। ਪਿਛਲੇ ਕੁਝ ਸਮੇਂ 'ਚ ਵਰਚੂਅਲ ਕਰੰਸੀ ਦੀ ਕੀਮਤ 'ਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਇਸ ਲਈ ਬੈਂਕ ਇਸ ਦੇ ਨਿਵੇਸ਼ਕਾਂ ਨੂੰ ਸੰਭਾਵਿਤ ਭਾਰੀ ਨੁਕਸਾਨ ਬਾਰੇ ਚੇਤਾਵਨੀ ਦਿੰਦਾ ਹੈ।   (ਏਜੰਸੀ)