ਫ਼ਸਲ ਦੇ ਆਉਣ ਤੋਂ ਪਹਿਲਾਂ ਹੀ ਮਾਲਵੇ 'ਚ ਆਲੂ ਕਾਸ਼ਤਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ

ਖ਼ਬਰਾਂ, ਵਪਾਰ

ਬਠਿੰਡਾ (ਦਿਹਾਤੀ), 20 ਜਨਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਮਾਲਵੇ ਅੰਦਰ ਆਲੂ ਕਾਸ਼ਤਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਇਕ ਵਾਰ ਮੁੜ ਸਿਰ ਚੁੱਕ ਲਿਆ ਹੈ, ਕਿਉਂਕਿ ਕੱਚੇ ਆਲੂ ਦੀ ਪੁਟਾਈ ਤੋਂ ਬਾਅਦ ਕੋਲਡ ਸਟੋਰਾਂ ਅੰਦਰ ਜਮ੍ਹਾਂ ਕਰਨ ਵਾਲੇ ਆਲੂ ਕਾਸ਼ਤਕਾਰ ਕਿਸਾਨਾਂ ਨੂੰ ਕੋਲਡ ਸਟੋਰ ਮਾਲਕਾਂ ਨੇ ਪਿਛਲੇ ਖੜੇ ਬਕਾਏ ਕਾਰਨ ਕੋਰਾ ਜਵਾਬ ਦੇ ਦਿਤਾ ਹੈ। ਪਿਛਲੇ ਵਰ੍ਹੇ ਨੋਟਬੰਦੀ ਕਾਰਨ ਆਲੂ ਕਾਸ਼ਤਕਾਰ ਕਿਸਾਨ ਆਰਥਕ ਪੱਖ ਤੋਂ ਪੂਰੀ ਤਰ੍ਹਾਂ ਝੰਬੇ ਗਏ ਸਨ ਜਿਸ ਤੋਂ ਬਾਅਦ ਕਿਸਾਨਾਂ ਨੇ ਆਲੂ ਦੀ ਫ਼ਸਲ ਨੂੰ ਸੜਕਾਂ-ਨਾਲਿਆਂ ਉਪਰ ਸੁੱਟ ਕੇ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਹੀ ਨਹੀਂ ਕੀਤਾ ਸੀ ਬਲਕਿ ਆਰਥਕਤਾ ਵਜਂੋ ਟੁੱਟੇ ਕਈ ਕਿਸਾਨਾਂ ਨੇ ਅਪਣੇ ਗਲੇ ਵਿਚ ਰੱਸੇ ਪਾ ਕੇ ਖ਼ੁਦਕੁਸ਼ੀਆਂ ਨੂੰ ਵੀ ਅੰਜਾਮ ਦਿਤਾ ਸੀ। ਹੁਣ ਇਕ ਵਾਰ ਫੇਰ ਮਾਲਵੇ ਅੰਦਰ ਕੱਚੇ ਆਲੂ ਦੀ ਟਾਵੀ ਟੱਲੀ ਪੁਟਾਈ ਸ਼ੁਰੂ ਹੋ ਗਈ ਹੈ ਪਰ ਪਿਛਲੇ ਵਰ੍ਹੇ ਅਪਣੀ ਆਲੂ ਦੀ ਫ਼ਸਲ ਨੂੰ ਕੋਲਡ ਸਟੋਰਾਂ ਅੰਦਰ ਜਮ੍ਹਾਂ ਕਰਨ ਵਾਲੇ ਕੁੱਝ ਕਿਸਾਨਾਂ ਨੇ ਬਾਹਰਲੇ ਸੂਬਿਆਂ ਸਣੇ ਪੰਜਾਬ ਅੰਦਰ ਆਲੂ ਦੀ ਘਟੀ ਮੰਗ ਅਤੇ ਡਿੱਗੇ ਭਾਅ ਕਾਰਨ ਸਟੋਰਾਂ ਅੰਦਰ ਹੀ ਛੱਡ ਦਿਤਾ ਸੀ। ਭਾਵੇਂ ਕੁੱਝ ਸਟੋਰ ਮਾਲਕਾਂ ਨੇ ਇਨ੍ਹਾਂ ਆਲੂਆਂ ਨੂੰ ਵੇਚ ਵੱਟ ਕੇ ਅੱਧ ਪਚੱਦੀ ਅਪਣੀ ਕਿਰਾਏ ਦੀ ਰਾਸ਼ੀ ਖਰੀ ਕਰ ਲਈ ਸੀ ਪਰ ਫੇਰ ਵੀ ਸਟੋਰ ਮਾਲਕਾਂ ਦੇ ਖਾਤਿਆਂ ਵਿਚ ਅਜੇ ਵੀ ਸਬੰਧਤ ਕਿਸਾਨਾਂ ਵਲ ਬਕਾਇਆ ਰਾਸ਼ੀ ਬੋਲ ਰਹੀ ਹੈ ਜਿਸ ਕਾਰਨ ਕੋਲਡ ਸਟੋਰ ਮਾਲਕਾਂ ਨੇ ਕਿਸਾਨਾਂ ਦੇ ਆਲੂਆਂ ਨੂੰ ਅਪਣੇ ਸਟੋਰਾਂ ਅੰਦਰ ਰੱਖਣ ਤਂੋ ਕੋਰਾ ਜਵਾਬ ਦੇ ਦਿਤਾ ਹੈ। ਆਲੂ ਬੈਲਟ ਵਜੋਂ ਜਾਣੇ ਜਾਂਦੇ ਰਾਮਪੁਰਾ ਬੈਲਟ ਵਿਚਲੇ ਪਿੰਡ ਰਾਮਪੁਰਾ, ਕਰਾੜਵਾਲਾ, ਦਰਾਜ, ਦਰਾਕਾ, ਜੈਮਲ ਸਿੰਘ ਵਾਲਾ, ਪਿੱਥੋ ਆਦਿ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਨੋਟਬੰਦੀ ਤਂੋ ਬਾਅਦ ਆਲੂ ਕਾਸ਼ਤਕਾਰਾਂ ਦੇ ਪੈਰ ਆਰਥਕ ਪੱਖ ਤੋਂ ਪੂਰੀ ਤਰ੍ਹਾਂ ਉਖੜ ਗਏ ਸਨ। ਹੁਣ ਕੋਲਡ ਸਟੋਰ ਮਾਲਕਾਂ ਵਲੋਂ ਆਲੂ ਸਟੋਰ ਨਾ ਕਰਵਾਉਣ ਤੋਂ ਦਿਤੇ ਜਵਾਬ ਕਾਰਨ ਆਲੂਆਂ ਦੇ ਸੌਦੇ ਮੁੜ ਇਕ ਵਾਰ ਮੰਦੇ ਭਾਅ ਵਿਚ ਹੋਣੇ ਸ਼ੁਰੂ ਹੋ ਗਏ ਹਨ, ਕਿਉਂਕਿ ਕੱਚੇ ਆਲੂ ਦਾ ਭਾਅ 150 ਰੁਪਏ ਪ੍ਰਤੀ ਗੱਟਾ ਨਿਕਲਿਆ ਹੈ ਜਿਸ ਨਾਲ ਖੇਤੀ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। 

ਕਿਸਾਨ ਜਸਪਾਲ ਸਿੰਘ, ਜਗਸੀਰ ਸਿੰਘ, ਜਰਨੈਲ ਸਿੰਘ, ਅਗੰਦ ਸਿੰਘ, ਕਰਨੈਲ ਸਿੰਘ ਨੇ ਦਸਿਆ ਕਿ ਵਪਾਰੀਆਂ ਵਲੋਂ ਆਲੂ ਕਾਸ਼ਤਕਾਰ ਕਿਸਾਨਾਂ ਦੀ ਲੁੱਟ ਜਾਰੀ ਹੈ, ਕਿਉਂਕਿ ਵਪਾਰੀ ਏਕਾ ਕਰ ਕੇ ਆਲੂ ਦਾ ਭਾਅ ਨਹੀਂ ਵਧਾ ਰਹੇ ਜਿਸ ਕਾਰਨ ਕਿਸਾਨ ਘਾਟੇ ਵਿਚ ਹੀ ਆਲੂ ਵੇਚਣ ਨੂੰ ਮਜਬੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਲਡ ਸਟੋਰ ਮਾਲਕ ਵੀ ਆਲੂ ਕਾਸ਼ਤਕਾਰ ਕਿਸਾਨਾਂ ਦੇ ਨਾਂਅ ਉਪਰ ਫ਼ਰਜ਼ੀ ਪਰਚੀਆਂ ਬਣਾ ਕੇ ਮੰਡੀਕਰਨ ਬੋਰਡ, ਆਮਦਨ ਅਤੇ ਵਿਕਰੀ ਕਰ ਵਿਭਾਗ ਸਣੇ ਕਈ ਹੋਰਨਾਂ ਵਿਭਾਗਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ, ਕਿਉਂਕਿ ਕੋਲਡ ਸਟੋਰਾਂ ਅੰਦਰ 80 ਫ਼ੀ ਸਦੀ ਤੋਂ ਜ਼ਿਆਦਾ ਆਲੂ ਵਪਾਰੀਆਂ ਦਾ ਹੁੰਦਾ ਹੈ। ਪਰ ਇਨ੍ਹਾਂ ਦੀ ਕੋਈ ²ਫ਼ੀਸ, ਟੈਕਸ ਨਹੀਂ ਭਰਿਆ ਹੁੰਦਾ, ਕਿਉਂਕਿ ਕੋਲਡ ਸਟੋਰ ਮਾਲਕਾਂ ਵਲੋਂ ਕੱਟੀਆਂ ਸਮੁੱਚੀਆਂ ਪਰਚੀਆਂ ਕਿਸਾਨਾਂ ਦੇ ਨਾਂਅ ਉਪਰ ਕੱਟ ਕੇ ਸਮੁੱਚੇ ਵਿਭਾਗਾਂ ਦੀਆਂ ਅੱਖਾਂ ਪੂੰਝ ਦਿਤੀਆਂ ਜਾਂਦੀਆ ਹਨ ਜਦਕਿ ਆਲੂ ਕਿਸਾਨ ਪਹਿਲਾਂ ਹੀ ਮੰਦੇ ਵਿਚ ਆਲੂ ਨੂੰ ਲੁਟਾ ਚੁੱਕੇ ਹੁੰਦੇ ਹਨ। ਉਨ੍ਹਾਂ ਸਰਕਾਰ, ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਇਸ ਦੀ ਜਾਂਚ ਅਤੇ ਕਿਸਾਨਾਂ ਦੀ ਹੋ ਰਹੀ ਲੁੱਟ ਤਂੋ ਬਚਾਉਣ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਮੰਡੀਕਰਨ ਬੋਰਡ ਦੇ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਆਲੂ ਦੇ ਸਟੋਰਾਂ ਅੰਦਰ ਜਮ੍ਹਾਂ ਹੋਣ ਸਮੇਂ ਇਸ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।