ਜੀਐਸਟੀ ਕੌਂਸਲ ਦੀ ਬੈਠਕ - 53 ਸੇਵਾਵਾਂ, 29 ਵਸਤਾਂ 'ਤੇ ਟੈਕਸ ਘਟਿਆ

ਖ਼ਬਰਾਂ, ਵਪਾਰ

ਮੁੰਬਈ, 18 ਜਨਵਰੀ : ਬਜਟ ਤੋਂ ਠੀਕ ਪਹਿਲਾਂ ਹੋਈ ਜੀਐਸਟੀ ਕੌਂਸਲ ਦੀ ਬੈਠਕ ਵਿਚ ਆਮ ਆਦਮੀ ਨੂੰ ਥੋੜੀ ਰਾਹਤ ਦਿਤੀ ਗਈ ਹੈ। 29 ਵਸਤਾਂ ਅਤੇ 53 ਸੇਵਾਵਾਂ ਉਤੇ ਜੀਐਸਟੀ ਘਟਾ ਦਿਤਾ ਗਿਆ ਹੈ। ਜਿਹੜੀਆਂ ਚੀਜ਼ਾਂ 'ਤੇ ਜੀਐਸਟੀ ਘਟਾਇਆ ਗਿਆ ਹੈ, ਉਨ੍ਹਾਂ ਵਿਚ ਬਹੁਤੀਆਂ ਹੈਂਡੀਕਰਾਫ਼ਟ ਦੀਆਂ ਚੀਜ਼ਾਂ ਹਨ। ਕੌਂਸਲ ਨੇ 39 ਚੀਜ਼ਾਂ 'ਤੇ ਜੀਐਸਟੀ ਘਟਾ ਕੇ 5 ਫ਼ੀ ਸਦੀ ਤੋਂ 12 ਫ਼ੀ ਸਦੀ ਕਰ ਦਿਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਦਸਿਆ ਕਿ ਫ਼ਿਲਹਾਲ ਜੀਐਸਟੀ ਰਿਟਰਨ ਭਰਨ ਲਈ ਫ਼ਾਰਮ ਸੌਖਾ ਕਰਨ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ। ਬੋਤਲਬੰਦ ਪਾਣੀ ਉਤੇ ਜੀਐਸਟੀ 18 ਤੋਂ 12 ਫ਼ੀ ਸਦੀ ਕਰ ਦਿਤਾ ਗਿਆ ਹੈ। ਨਵੀਆਂ ਦਰਾਂ 25 ਜਨਵਰੀ ਤੋਂ ਲਾਗੂ ਹੋਣਗੀਆਂ। ਇਕ ਫ਼ਰਵਰੀ ਤੋਂ ਈ-ਵੇਅ ਬਿਲ ਵੀ ਲਾਗੂ ਹੋ ਜਾਵੇਗਾ। ਜੇਤਲੀ ਨੇ ਦਸਿਆ ਕਿ ਪਟਰੌਲੀਅਮ ਪਦਾਰਥਾਂ ਨੂੰ ਜੀਐਸਟੀ ਵਿਚ ਲਿਆਉਣ ਬਾਰੇ ਗੱਲਬਾਤ ਨਹੀਂ ਹੋ ਸਕੀ। ਉਂਜ ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਵਿਚ ਚਰਚਾ ਹੋਣ ਦੀ ਉਮੀਦ ਹੈ। ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂਹਨ।