ਚੰਡੀਗੜ੍ਹ, 22 ਨਵੰਬਰ (ਜੀ.ਸੀ. ਭਾਰਦਵਾਜ): ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪਹਿਲੀ ਵਾਰ ਕੇਂਦਰ ਸਰਕਾਰ ਵਿਰੁਧ ਜੀਐਸਟੀ ਸਬੰਧੀ ਭੜਾਸ ਕਢਦਿਆਂ ਕਿਹਾ ਕਿ ਕੇਂਦਰ ਦੀ ਜੀਐਸਟੀ ਨੇ ਪੰਜਾਬ ਦਾ ਗਲਾ ਘੁੱਟ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਸਿਸਟਮ ਨੇ ਸਾਰੇ ਸੂਬਿਆਂ ਨੂੰ ਉਲਝਾਅ ਕੇ ਸਰਕਾਰਾਂ, ਵਪਾਰੀਆਂ ਅਤੇ ਲੋਕਾਂ ਨੂੰ ਲੱਖਾਂ ਮੁਸ਼ਕਲਾਂ ਵਿਚ ਫਸਾ ਦਿਤਾ ਹੈ। ਅੱਜ ਇਥੇ ਸਿਵਲ ਸਕੱਤਰੇਤ ਵਿਚ ਮੰਤਰੀ ਮੰਡਲ ਦੀ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਕੇਂਦਰ ਵਲ 3600 ਕਰੋੜ ਦਾ ਬਕਾਇਆ ਪਿਛਲੇ ਚਾਰ ਮਹੀਨੇ ਤੋਂ ਖੜਾ ਹੈ ਜਿਸ ਵਿਚ 1600 ਕਰੋੜ ਜੀਐਸਟੀ ਦਾ ਅਤੇ ਦੋ ਹਜ਼ਾਰ ਕਰੋੜ ਪੁਰਾਣਾ ਬਕਾਇਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਆਮਦਨ ਵਿਚ 14 ਫ਼ੀ ਸਦੀ ਦਾ ਵਾਧਾ ਹੋਣ ਦੀ ਗੱਲ ਕਰ ਕੇ ਕੇਂਦਰ ਦੀ ਸਿਫ਼ਤ ਕਰਦੇ ਸਨ ਪਰ ਅੱਜ ਦੁਖੀ ਮਨ ਨਾਲ ਉਨ੍ਹਾਂ ਕਿਹਾ ਕਿ ਦੋ-ਤਿੰਨ ਵਾਰ ਮੁੱਖ ਮੰਤਰੀ ਅਤੇ ਉਨ੍ਹਾਂ ਵਲੋਂ ਖ਼ੁਦ ਵੀ ਪ੍ਰਧਾਨ ਮੰਤਰੀ, ਕੇਂਦਰੀ ਵਿੱਤ ਅਤੇ ਸੀਨੀਅਰ ਅਧਿਕਾਰੀਆਂ ਨੂੰ ਅਰਜ਼ੋਈ ਕਰਨ 'ਤੇ ਕੁੱਝ ਪੱਲੇ ਨਹੀਂ ਪਿਆ।