ਕਣਕ ਦੀ ਆਯਾਤ ਡਿਊਟੀ ਕੀਤੀ ਦੁਗਣੀ

ਖ਼ਬਰਾਂ, ਵਪਾਰ

ਨਵੀਂ ਦਿੱਲੀ, 9 ਨਵੰਬਰ: ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੀ ਸਸਤੀ ਆਯਾਤ ਨੂੰ ਰੋਕਣ ਲਈ ਇਸ ਦੀ ਆਯਾਤ ਡਿਊਟੀ ਦੁਗਣੀ ਕਰਨ ਦਾ ਫ਼ੈਸਲਾ ਕੀਤਾ ਹੈ। ਦਰਅਸਲ, ਸਰਕਾਰ ਚਾਲੂ ਰਬੀ ਸੈਸ਼ਨ 'ਚ ਕਿਸਾਨਾਂ ਨੂੰ ਮੁੱਲ ਦੇ ਮਾਮਲੇ 'ਚ ਸਾਕਰਾਤਮਕ ਸੰਕੇਤ ਦੇਣਾ ਚਾਹੁੰਦੀ ਹੈ। ਇਸ ਲਈ ਆਯਾਤ ਡਿਊਟੀ ਦੁਗਣੀ ਕਰ ਕੇ 20 ਫ਼ੀ ਸਦੀ ਕਰ ਦਿਤੀ ਗਈ ਹੈ।
ਕੈਨੇਡਾ ਵਰਗੇ ਦੇਸ਼ ਤੋਂ ਸਸਤੇ ਆਯਾਤ 'ਤੇ ਰੋਕ ਲਗਾਉਣ ਲਈ ਮਟਰ 'ਤੇ 50 ਫ਼ੀ ਸਦੀ ਆਯਾਤ ਡਿਊਟੀ ਲਗਾਈ ਹੈ। ਕੇਂਦਰੀ ਉਤਪਾਦ ਅਤੇ ਕਸਟਮ ਡਿਊਟੀ ਬੋਰਡ (ਸੀ.ਬੀ.ਈ.ਸੀ.) ਨੇ ਇਕ ਸੂਚਨਾ ਜਾਰੀ ਕਰ ਕੇ ਮਟਰ 'ਤੇ ਕਸਟਮ ਡਿਊਟੀ ਨੂੰ ਜ਼ੀਰੋ ਤੋਂ ਵਧਾ ਕੇ 50 ਫ਼ੀ ਸਦੀ ਕਰਨ ਅਤੇ ਕਣਕ ਦੀ ਆਯਾਤ ਡਿਊਟੀ ਨੂੰ 10 ਫ਼ੀ ਸਦੀ ਤੋਂ ਵਧਾ ਕੇ 20 ਫ਼ੀ ਸਦੀ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।