ਚੰਡੀਗੜ੍ਹ, 28 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਟਰੈਕਟਰ ਦੇ ਗ਼ੈਰ-ਆਵਾਜਾਈ ਵਾਲੇ ਵਾਹਨ ਦਾ ਰੁਤਬਾ ਖ਼ਤਮ ਕਰਨ ਵਾਲਾ ਨੋਟੀਫ਼ੀਕੇਸ਼ਨ ਵਾਪਸ ਲੈ ਲਿਆ ਗਿਆ ਹੈ। ਹੁਣ ਭਾਰੀ ਜੀਐਸਟੀ ਲੱਗਣ ਕਾਰਨ ਟਰੈਕਟਰਾਂ ਦੀਆਂ ਕੀਮਤਾਂ ਨਹੀ ਵਧਣਗੀਆਂ। ਜੇ ਟਰੈਕਟਰਾਂ ਨੂੰ ਕਮਰਸ਼ੀਅਲ ਵਾਹਨਾਂ ਦੀ ਸ਼੍ਰੇਣੀ ਵਿਚ ਰਖਿਆ ਜਾਂਦਾ ਤਾਂ ਅਜਿਹਾ ਲਾਜ਼ਮੀ ਹੋਣਾ ਸੀ।ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਮਾਰਗ ਮੰਤਰੀ ਨਿਤਿਨ ਗਡਕਰੀ ਦਾ ਧਨਵਾਦ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨੇ ਕਿਸਾਨਾਂ ਨੂੰ ਵਾਧੂ ਰਜਿਸਟਰੇਸ਼ਨ ਫ਼ੀਸ ਦੇਣ ਤੋਂ ਇਲਾਵਾ ਪਰਮਿਟ ਹਾਸਲ ਕਰਨ ਅਤੇ ਹੋਰ ਕਈ ਕਿਸਮ ਦੀਆਂ ਸ਼ਰਤਾਂ ਤੋਂ ਬਚਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਪੂਰੇ ਮੁਲਕ ਅੰਦਰ ਖ਼ਾਸਕਰ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਰਾਹਤ ਮਿਲੇਗੀ ਜਿਥੇ ਕਾਂਗਰਸ ਸਰਕਾਰ ਵਲੋਂ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਵਾਅਦੇ ਨੂੰ ਪੂਰਾ ਨਾ ਕਰਨ ਕਰ ਕੇ ਕਿਸਾਨ ਵੱਡੇ ਖੇਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।