ਲਿਖੇ ਹੋਏ 500 ਤੇ 2000 ਦੇ ਨੋਟ ਲੈਣ ਤੋਂ ਇਨਕਾਰ ਨਹੀਂ ਕਰ ਸਕਦੇ ਬੈਂਕ: ਆਰ.ਬੀ.ਆਈ.

ਖ਼ਬਰਾਂ, ਵਪਾਰ

ਨਵੀਂ ਦਿੱਲੀ, 24 ਨਵੰਬਰ: ਕੋਈ ਵੀ ਬੈਂਕ 500 ਅਤੇ 2000 ਰੁਪਏ ਦੇ ਉਨ੍ਹਾਂ ਨੋਟਾਂ ਨੂੰ ਲੈਣ ਤੋਂ ਇਨਕਾਰ ਨਹੀਂ ਕਰ ਸਕਦਾ, ਜਿਨ੍ਹਾਂ 'ਤੇ ਕੁਝ ਲਿਖਿਆ ਹੋਇਆ ਹੈ। ਹਾਲਾਂ ਕਿ ਵਿਅਕਤੀ ਅਜਿਹੇ ਨੋਟਾਂ ਨੂੰ ਬਦਲਵਾ ਨਹੀਂ ਸਕਦਾ ਹੈ। ਇਹ ਨੋਟ ਸਿਰਫ਼ ਜਮ੍ਹਾਂ ਕਰਤਾ ਦੇ ਵਿਅਕਤੀਗਤ ਖਾਤੇ 'ਚ ਜਮ੍ਹਾਂ ਕੀਤੇ ਜਾ ਸਕਦੇ ਹਨ। ਆਰ.ਬੀ.ਆਈ. ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਕੌਮਾਂਤਰੀ ਵਪਾਰ ਮੇਲੇ 'ਚ ਰਿਜ਼ਰਵ ਬੈਂਕ ਆਫ਼ ਇੰਡੀਆ ਵਿੱਤੀ ਸਾਖ਼ਰਤਾ ਤਹਿਤ ਮੇਲੇ 'ਚ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇੱਥੇ ਨਵੇਂ ਨੋਟਾਂ ਦੇ ਫ਼ੀਚਰ ਸਮੇਤ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਨਾਲ ਹੀ ਡਿਜੀਟਲ ਮਾਧਿਅਮ ਨਾਲ ਜੁੜਨ ਲਈ ਵੀ ਪ੍ਰੇਰਤ ਕੀਤਾ ਗਿਆ। 

ਪ੍ਰਗਤੀ ਮੈਦਾਨ ਦੇ ਹਾਲ ਨੰਬਰ 18 'ਚ ਲੱਗੇ ਆਰ.ਬੀ.ਆਈ. ਦੇ ਸਟਾਲ 'ਚ ਲੋਕ ਅਪਣੇ ਸਵਾਲ ਲੈ ਕੇ ਵੀ ਪਹੁੰਚ ਰਹੇ ਹਨ। ਕੋਈ ਇੱਥੇ 500 ਅਤੇ 2000 ਰੁਪਏ ਦੇ ਅਜਿਹੇ ਨੋਟਾਂ ਦੀ ਮਿਆਦ ਜਾਨਣਾ ਚਾਹੁੰਦਾ ਹੈ, ਜਿਨ੍ਹਾਂ 'ਕੇ ਕੁਝ ਲਿਖਿਆ ਹੋਇਆ ਹੈ ਤਾਂ ਕੋਈ ਬੈਂਕ ਵਿਰੁਧ ਸ਼ਿਕਾਇਤ ਕਰਨ ਦੇ ਤਰੀਕੇ ਸਬੰਧੀ ਅਪਣੀ ਜਾਣਕਾਰੀ ਮੰਗ ਰਿਹਾ ਹੈ। ਕਿਸੇ ਨੂੰ 10 ਦਸ ਰੁਪਏ ਦੇ ਸਿੱਕਿਆਂ ਬਾਰੇ ਜਾਣਕਾਰੀ ਚਾਹੀਦੀ ਸੀ। ਆਰ.ਬੀ.ਆਈ. ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਬੈਂਕ ਪਹਿਲਾਂ ਵੀ ਇਸ ਸਬੰਧੀ ਵਹਿਮ ਦੂਰ ਕਰ ਚੁਕਾ ਹੈ। ਮੇਲੇ ਦੌਰਾਨ ਲੋਕ ਸਾਡੇ ਤੋਂ 500 ਅਤੇ 2000 ਦੇ ਨੋਟਾਂ 'ਤੇ ਕੁਝ ਲਿਖਿਆ ਹੋਣ ਦੀ ਸਥਿਤੀ 'ਚ ਉਨ੍ਹਾਂ ਦੀ ਮਿਆਦ ਸਬੰਧੀ ਸਵਾਲ ਕਰ ਰਹੇ ਸਨ।  (ਏਜੰਸੀ)