ਪੀ.ਐਨ.ਬੀ. ਠੱਗੀ ਨੇ ਡੋਬਿਆ ਸ਼ੇਅਰ ਬਾਜ਼ਾਰ

ਖ਼ਬਰਾਂ, ਵਪਾਰ

ਸੈਂਸੈਕਸ 236 ਤੇ ਨਿਫ਼ਟੀ 74 ਅੰਕ ਡਿੱਗਿਆ
ਨਵੀਂ ਦਿੱਲੀ, 19 ਫ਼ਰਵਰੀ: ਪੀ.ਐਨ.ਬੀ. ਘੋਟਾਲੇ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਲਗਾਤਾਰ ਦਿਖਾਈ ਦੇ ਰਿਹਾ ਹੈ। ਬਾਜ਼ਾਰ 'ਚ ਸੋਮਵਾਰ ਨੂੰ ਚੰਗੀ ਸ਼ੁਰੂਆਤ ਕੀਤੀ ਸੀ ਪਰ ਪਹਿਲੇ ਹੀ ਘੰਟੇ 'ਚ ਵਾਧਾ ਗਵਾਉਂਦਿਆਂ ਸ਼ੇਅਰ ਬਾਜ਼ਾਰ ਮੂੰਹ ਭਾਰ ਡਿੱਗ ਗਿਆ। ਸੈਂਸੈਕਸ ਜਿੱਥੇ ਉਪਰੀ ਪੱਧਰ ਤੋਂ 550 ਅੰਕ ਟੁਟ ਗਿਆ, ਉਥੇ ਹੀ ਨਿਫ਼ਟੀ 'ਚ ਵੀ ਉਪਰੀ ਪੱਧਰ 'ਚ 150 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂ ਕਿ ਆਖ਼ਰੀ ਘੰਟੇ 'ਚ ਬਾਜ਼ਾਰ 'ਚ ਥੋੜ੍ਹੀ ਰਿਕਰਵੀ ਜ਼ਰੂਰੀ ਆਈ ਪਰ ਫ਼ਿਰ ਵੀ ਸੈਂਸੈਕਸ 236 ਅੰਕ ਡਿੱਗ ਕੇ 33,774 'ਤੇ ਬੰਦ ਹੋਇਆ, ਉਥੇ ਹੀ ਨਿਫ਼ਟੀ 74 ਅੰਕਾਂ ਦੀ ਗਿਰਾਵਟ ਨਾਲ 10,378 ਦੇ ਪੱਧਰ 'ਤੇ ਬੰਦ ਹੋਇਆ। ਬਾਜ਼ਾਰ ਨੂੰ ਸੱਭ ਤੋਂ ਜ਼ਿਆਦਾ ਨੁਕਸਾਨ ਪਹੰੁੰਚਾਉਣ ਦਾ ਕੰਮ ਪੰਜਾਬ ਨੈਸ਼ਨਲ ਬੈਂਕ ਅਤੇ ਇਲਾਹਾਬਾਦ ਬੈਂਕ ਨੇ ਕੀਤਾ। ਦੋਵਾਂ ਦੇ ਸ਼ੇਅਰਾਂ 'ਚ ਕਰੀਬ 11 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਉਧਰ ਲਾਰਜਕੈਪ ਸ਼ੇਅਰਾਂ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 0.47 ਫ਼ੀ ਸਦੀ ਡਿੱਗਿਆ। ਮਿਡਕੈਪ ਸ਼ੇਅਰਾਂ 'ਚ ਯੂਨੀਅਨ ਬੈਂਕ, ਸਨ ਟੀ.ਵੀ., ਕਾਨਕੋਰ, ਇੰਡੀਅਨ ਬੈਂਕ, ਜੀ.ਐਮ.ਆਰ. ਇੰਫਰਾ, ਹਡਕੋ, ਲਿਵੀਸ ਲੈਬ, ਅਡਾਨੀ ਇੰਟਰਪ੍ਰਾਈਜਜ਼ 4.02-1.95 ਫ਼ੀ ਸਦੀ ਤਕ ਡਿੱਗੇ। ਉਥੇ ਹੀ ਬੀ.ਐਸ.ਈ. ਦੇ ਸਮਾਲਕੈਪ ਇੰਡੈਕਸ 'ਚ 0.45 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।ਸਮਾਲਕੈਪ ਸ਼ੇਅਰਾਂ 'ਚ ਗੀਤਾਂਜਲੀ ਜੇਮਜ਼, ਯੂਕੋ ਬੈਂਕ, ਆਰ.ਜੇ.ਐਲ., ਜੀ.ਟੀ.ਐਲ. ਇੰਫ਼ਰਾ, ਇਲਾਹਾਬਾਦ ਬੈਂਕ 9.99-4.93 ਫ਼ੀ ਸਦੀ ਤਕ ਡਿੱਗੇ। ਇਸ ਤੋਂ ਇਲਾਵਾ ਸਰਕਾਰੀ ਬੈਂਕਾਂਦਾ ਇੰਡੈਕਸ 5 ਫ਼ੀ ਸਦੀ ਤੋਂ ਜ਼ਿਆਦਾ ਟੁਟਿਆ। ਪੀ.ਐਨ.ਬੀ. 'ਚ ਹੋਈ ਧੋਖਾਧੜ੍ਹੀ ਕਾਰਨ ਸੱਭ ਸਰਕਾਰੀ ਬੈਂਕਾਂ ਦੇ ਸ਼ੇਅਰਾਂ 'ਚ ਗਿਰਾਵਟ ਨਜ਼ਰ ਆਈ, ਜਿਸ ਦੇ ਚਲਦਿਆਂ ਬਾਜ਼ਾਰ 'ਚ ਦਬਾਅ ਬਣਿਆ ਰਿਹਾ। ਇਲਾਹਾਬਾਦ ਬੈਂਕ, ਪੀ.ਐਨ.ਬੀ., ਯੂਨੀਅਨ ਬੈਂਕ, ਸਿੰਡੀਕੇਟ ਬੈਂਕ, ਇੰਡੀਅਨ ਬੈਂਕ, ਬੈਂਕ ਆਫ਼ ਇੰਡੀਆ, ਓਰੀਐਂਟ ਬੈਂਕ ਅਤੇ ਬੈਂਕ ਆਫ਼ ਬੜੌਦਾ 'ਚ ਭਾਰੀ ਗਿਰਾਵਟ ਕਾਰਨ ਨਿਫ਼ਟੀ ਪੀ.ਐਸ.ਯੂ. ਬੈਂਕ ਇੰਡੈਕਸ 5.65 ਫ਼ੀ ਸਦੀ ਟੁਟ ਗਿਆ ਹੈ।   (ਏਜੰਸੀ)