ਤੇਲ ਕੰਪਨੀਆਂ ਨੇ ਇਸ ਮਹੀਨੇ ਨਹੀਂ ਵਧਾਈਆਂ ਰਸੋਈ ਗੈਸ ਦੀਆਂ ਕੀਮਤਾਂ

ਖ਼ਬਰਾਂ, ਵਪਾਰ

ਨਵੀਂ ਦਿੱਲੀ, 10 ਦਸੰਬਰ : ਬੀਤੇ 17 ਮਹੀਨਿਆਂ ਵਿਚ ਰਸਈ ਗੈਸ ਸਿਲੰਡਰਾਂ ਦੀ ਕੀਮਤਾਂ ਵਿਚ 19 ਕਿਸ਼ਤਾਂ ਵਿਚ 76.5 ਰੁਪਏ ਵਧਾਉਣ ਤੋਂ ਬਾਅਦ ਜਨਤਕ ਖੇਤਰ ਦੀ ਤੇਲ ਕੰਪਨੀਆਂ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਮਹੀਨੇ ਰਸੋਈ ਗੈਸ ਦੀ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਹੈ।ਜਨਤਕ ਖੇਤਰ ਦੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਪਿਛਲੇ ਸਾਲ ਜੁਲਾਈ ਤੋਂ ਹੀ ਐਲਪੀਜੀ ਸਿਲੰਡਰਾਂ ਦੀ ਕੀਮਤਾਂ ਵਿਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਵਾਧਾ ਕਰ ਦਿੰਦੀਆਂ ਹਨ ਤਾਂ ਜੋ ਸਰਕਾਰੀ ਸਬਸਿਡੀ ਨੂੰ 2018 ਤਕ ਖ਼ਤਮ ਕੀਤਾ ਜਾ ਸਕੇ। ਜਦਕਿ ਤੇਲ ਕੰਪਨੀਆਂ ਨੇ ਇਸ ਮਹੀਨੇ ਇਸ ਪ੍ਰਕਿਰਿਆ ਨੂੰ ਛੱਡ ਦਿਤਾ ਹੈ।
ਉਕਤ ਤਿੰਨਾਂ ਕੰਪਨੀਆਂ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਸਹੀ ਗੱਲ ਹੈ ਕਿ ਇਸ ਮਹੀਨੇ ਐਲਪੀਜੀ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਅਧਿਕਾਰੀ ਨੇ ਇਸ ਦਾ ਕੋਈ ਕਾਰਨ ਨਾ ਦਸਦਿਆਂ ਕਿਹਾ ਕਿ ਇਹ ਪ੍ਰਬੰਧਨ ਦਾ ਫ਼ੈਸਲਾ ਹੈ। ਇਸ ਤੋਂ ਪਹਿਲਾਂ ਇਕ ਨਵੰਬਰ ਨੂੰ ਸਬਸਿਡੀ ਵਾਲੇ ਐਲਪੀਜੀ ਦੀ ਕੀਮਤ 4.50 ਰੁਪਏ ਪ੍ਰਤੀ ਸਿਲੰਡਰ ਵਧਾ ਕੇ 495.69 ਕੀਤਾ ਸੀ। ਸਰਕਾਰ ਨੇ ਪਿਛਲੇ ਸਾਲ ਜਨਤਕ ਤੇਲ ਕੰਪਨੀਆਂ ਨੂੰ ਕਿਹਾ ਸੀ ਕਿ ਉਹ ਹਰ ਮਹੀਨੇ ਕੀਮਤਾਂ ਵਿਚ ਵਾਧਾ ਕਰਨ ਤਾਂ ਜੋ ਪੂਰੀ ਸਬਸਿਡੀ ਨੂੰ 2018 ਤਕ ਪੂਰਾ ਕੀਤਾ ਜਾ ਸਕੇ।  (ਪੀ.ਟੀ.ਆਈ.)