New flights From Chandigarh: ਚੰਡੀਗੜ੍ਹ ਤੋਂ ਭਲਕੇ ਸ਼ੁਰੂ ਹੋਣਗੀਆਂ 3 ਨਵੀਆਂ ਉਡਾਣਾਂ; ਬੁਕਿੰਗ ਹੋਈ ਸ਼ੁਰੂ

ਏਜੰਸੀ

ਖ਼ਬਰਾਂ, ਚੰਡੀਗੜ੍ਹ

1 ਘੰਟਾ 5 ਮਿੰਟ ਦਾ ਹੋਵੇਗਾ ਜੰਮੂ ਅਤੇ ਧਰਮਸ਼ਾਲਾ ਤਕ ਦਾ ਸਫ਼ਰ

3 new flights will start from Chandigarh tomorrow

New flights From Chandigarh: ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਲਕੇ 3 ਨਵੀਆਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਗਰਮੀਆਂ ਲਈ ਜਾਰੀ ਕੀਤੇ ਗਏ ਸ਼ਡਿਊਲ 'ਚ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਇਹ ਉਡਾਣਾਂ ਮੰਗਲਵਾਰ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਇਸ ਦੇ ਲਈ ਏਅਰਲਾਈਨਜ਼ ਕੰਪਨੀ ਨੇ ਬੁਕਿੰਗ ਵੀ ਸ਼ੁਰੂ ਕਰ ਦਿਤੀ ਹੈ। ਇਨ੍ਹਾਂ ਉਡਾਣਾਂ ਲਈ ਸਟਾਲ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਸ਼ਾਰਜਾਹ ਲਈ ਵੀ ਉਡਾਣਾਂ ਮੁੜ ਸ਼ੁਰੂ ਕਰ ਦਿਤੀਆਂ ਗਈਆਂ ਹਨ।

ਇਸ ਉਡਾਣ ਰਾਹੀਂ ਯਾਤਰੀ ਹੁਣ ਸਿਰਫ਼ ਇਕ ਘੰਟਾ 5 ਮਿੰਟ ਵਿਚ ਚੰਡੀਗੜ੍ਹ ਤੋਂ ਧਰਮਸ਼ਾਲਾ ਪਹੁੰਚ ਸਕਣਗੇ। ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਧਰਮਸ਼ਾਲਾ ਲਈ ਦੁਪਹਿਰ 12:45 'ਤੇ ਰਵਾਨਾ ਹੋਵੇਗੀ। ਜੋ 1:50 ਵਜੇ ਧਰਮਸ਼ਾਲਾ ਪਹੁੰਚੇਗੀ। ਇਹ ਉਥੋਂ ਬਾਅਦ ਦੁਪਹਿਰ 2:10 'ਤੇ ਵਾਪਸ ਆਵੇਗੀ ਅਤੇ 3:15 'ਤੇ ਚੰਡੀਗੜ੍ਹ ਪਹੁੰਚੇਗੀ। ਇਸ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਫਲੈਕਸੀ ਕਿਰਾਏ ਦੇ ਆਧਾਰ 'ਤੇ ਲਗਭਗ 4,500 ਰੁਪਏ ਦੇਣੇ ਹੋਣਗੇ।

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜੰਮੂ ਲਈ ਵੀ ਪਹਿਲੀ ਉਡਾਣ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਚੰਡੀਗੜ੍ਹ ਤੋਂ ਸਵੇਰੇ 9:15 'ਤੇ ਟੇਕ ਆਫ ਕਰੇਗੀ ਅਤੇ ਸਵੇਰੇ 10:20 'ਤੇ ਜੰਮੂ ਪਹੁੰਚੇਗੀ।

ਵਾਪਸੀ ਸਮੇਂ ਫਲਾਈਟ ਜੰਮੂ ਤੋਂ ਸਵੇਰੇ 11 ਵਜੇ ਉਡਾਣ ਭਰੇਗੀ ਅਤੇ ਦੁਪਹਿਰ 12:15 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਦੇ ਲਈ ਯਾਤਰੀਆਂ ਨੂੰ ਫਲੈਕਸੀ ਕਿਰਾਏ ਦੇ ਹਿਸਾਬ ਨਾਲ ਲਗਭਗ 3400 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਦਿੱਲੀ ਲਈ ਪਹਿਲਾਂ ਵਾਂਗ ਹੀ 3400 ਰੁਪਏ ਦੇ ਕਰੀਬ ਕਿਰਾਇਆ ਰਹੇਗਾ। ਦੂਜੇ ਪਾਸੇ ਏਅਰ ਇੰਡੀਆ ਵਲੋਂ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣੀਆਂ ਹਨ ਪਰ ਇਸ ਦਾ ਘੱਟੋ-ਘੱਟ ਕਿਰਾਇਆ ਤੈਅ ਨਹੀਂ ਕੀਤਾ ਗਿਆ ਹੈ। ਇਹ ਮੰਗ ਦੇ ਹਿਸਾਬ ਨਾਲ ਤੈਅ ਕੀਤਾ ਜਾਵੇਗਾ।

(For more Punjabi news apart from 3 new flights will start from Chandigarh tomorrow, stay tuned to Rozana Spokesman)