Chandigarh 'ਚ ਚਾਰ ਦਿਨਾਂ ਲਈ ਬਾਰਿਸ਼ ਦਾ ਯੈਲੋ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਸੁਖਨਾ ਲੇਕ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਨੇੜੇ ਪੁੱਜਿਆ

Yellow alert for rain in Chandigarh for four days

Chandigarh Rain News Punjabi  : ਚੰਡੀਗੜ੍ਹ ’ਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਵੀ ਬਾਰਿਸ਼ ਹੋਈ। ਜਦਕਿ ਮੌਸਮ ਵਿਭਾਗ ਵੱਲੋਂ ਆਉਂਦੇ ਚਾਰ ਦਿਨਾਂ ਲਈ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਧਰ ਚੰਡੀਗੜ੍ਹ ਸਥਿਤ ਸੁਖਨਾ ਲੇਕ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਸੁਖਨਾ ਲੇਕ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ਼ 1 ਫੁੱਟ ਹੇਠਾਂ ਹੈ। ਉਧਰ ਸ਼ਹਿਰ ’ਚ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਚੰਡੀਗੜ੍ਹ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚੰਡੀਗੜ੍ਹ ਦੇ ਸੈਕਟਰ 40 ਦੇ ਰਹਿਣ ਵਾਲੇ ਵਿਕਾਸ ਨੇ ਦੱਸਿਆ ਕਿ ਸਵੇਰੇ ਮੌਸਮ ਠੀਕ ਹੁੰਦਾ ਹੈ, ਜਦੋਂ ਹੀ ਡਿਊਟੀ ਲਈ ਘਰ ਤੋਂ ਨਿਕਲਦੇ ਹਾਂ ਤਾਂ ਇਕ ਸੈਕਟਰ ਛੱਡ ਕੇ ਦੂਜੇ ਸੈਕਟਰ ਪਹੁੰਚਦਿਆਂ ਹੀ ਤੇਜ਼ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਗਸਤ-ਸਤੰਬਰ ਮਹੀਨੇ ਦੌਰਾਨ ਆਮ ਨਾਲੋਂ ਜ਼ਿਆਦਾ ਬਾਰਿਸ਼ ਦੀ ਸ਼ੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਪੂਰਾ ਦਿਨ ਸ਼ਹਿਰ ’ਚ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ ਅਤੇ ਮੌਸਮ ਸੁਹਾਵਣਾ ਬਣਿਆ ਰਿਹਾ ਹੈ। ਬਾਰਿਸ਼ ਦੇ ਕਾਰਨ ਦਿਨ ਦੇ ਤਾਪਮਾਨ ’ਚ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 

ਮੌਸਮ ਵਿਭਾਗ ਅਨੁਸਾਰ ਸ਼ੁੱਕਰਕਾਰ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 6.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦਕਿ 24 ਘੰਟਿਆਂ ਦੌਰਾਨ 9.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 1 ਡਿਗਰੀ ਘੱਟ ਸੀ।

ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ 1 ਜੂਨ ਤੋਂ ਲੈ ਕੇ ਸ਼ਹਿਰ ਅੰਦਰ 480.5 ਮਿਲੀਮੀਟਰ ਯਾਨੀ 48 ਸੈਂਟੀਮੀਟਰ ਬਾਰਿਸ਼ ਹੋ ਚੁੱਕੀ ਹੈ ਅਤੇ ਇਸ ਨੂੰ ਮੌਨਸੂਨ ਸੀਜਨ ਦੇ ਲਿਹਾਜ ਨਾਲ ਠੀਕ ਮੰਨਿਆ ਜਾ ਰਿਹਾ ਹੈ।