Hansraj Chauhan News: ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ’ਚ ਹੰਸਰਾਜ ਚੌਹਾਨ ਨੂੰ ਅਮਰੀਕਾ ਤੋਂ ਵੀ ਸੀ ਰਾਹੀਂ ਗਵਾਹੀ ਦੀ ਇਜਾਜ਼ਤ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਪੰਚਕੂਲਾ ਦੀ ਸੀਬੀਆਈ ਕੋਰਟ ਨੇ ਗਵਾਹੀ ਦੇ ਇੰਤਜ਼ਾਮ ਕਰਨ ਲਈ ਕਿਹਾ

Hansraj Chauhan ram rahim news in punjabi

Hansraj Chauhan ram rahim news in punjabi : ਡੇਰਾ ਸਿਰਸਾ ਮੁਖੀ ਰਾਮ ਰਹੀਮ (ਸੌਦਾ ਸਾਧ) ਦੇ ਉਕਸਾਵੇ ’ਤੇ ਡੇਰੇ ਵਿਚ ਉੱਥੋਂ ਦੇ ਡਾਕਟਰਾਂ ਵਲੋਂ ਲਗਭਗ ਚਾਰ ਸੌ ਦੇ ਕਰੀਬ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਸ਼ਿਕਾਇਤਕਰਤਾ ਹੰਸਰਾਜ ਚੌਹਾਨ ਨੂੰ ਪੰਚਕੂਲਾ ਦੀ ਸੀਬੀਆਈ ਕੋਰਟ ਨੇ ਅਮਰੀਕਾ ਤੋਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਗਵਾਹੀ ਦੇਣ ਦੀ ਇਜਾਜ਼ਤ ਦੇ ਦਿਤੀ ਹੈ। ਕੋਰਟ ਨੇ ਸੀਬੀਆਈ ਨੂੰ ਕਿਹਾ ਹੈ ਕਿ ਉਹ ਕੋਰਟ ਲਈ ਕੰਪਿਊਟਰ ਤੇ ਗਵਾਹੀ ਰਿਕਾਰਡ ਕਰਨ ਲਈ ਵਾਇਸ ਰਿਕਾਰਡਰ ਤੋਂ ਇਲਾਵਾ ਡਾਕੁਮੈਂਟ ਵਿਜੁਅਲਾਈਜਰ ਮੁਹਈਆ ਕਰਵਾਏ ਤਾਂ ਜੋ ਰਿਕਾਰਡ ਸੰਭਾਲ ਕੇ ਰਖਿਆ ਜਾ ਸਕੇ। 

ਸੀਬੀਆਈ ਕੋਰਟ ਨੇ ਅਮਰੀਕਾ ਵਿਚ ਭਾਰਤੀ ਕੰਸੁਲੇਟ ਵਿਖੇ ਹੰਸਰਾਜ ਚੌਹਾਨ ਦੀ ਗਵਾਹੀ ਦੇਣ ਲਈ ਥਾਂ ਦਾ ਇੰਤਜ਼ਾਮ ਕਰਨ ਲਈ ਵੀ ਕਿਹਾ ਹੈ ਤੇ ਕਿਹਾ ਹੈ ਕਿ ਜੇਕਰ ਕੰਸੁਲੇਟ ਵਿਖੇ ਥਾਂ ਨਹੀਂ ਤਾਂ ਹੋਰ ਕਿਤੇ ਇੰਤਜ਼ਾਮ ਕਰਵਾਇਆ ਜਾਵੇ। ਹਾਲਾਂਕਿ ਇਕ ਮੁਲਜ਼ਮ ਦੇ ਵਕੀਲ ਨੇ ਵੀਸੀ ਰਾਹੀਂ ਗਵਾਹੀ ਦਾ ਵਿਰੋਧ ਕੀਤਾ ਪਰ ਸੀਬੀਆਈ ਨੇ ਕਿਹਾ ਕਿ ਉਸ ਨੂੰ ਵੀਸੀ ਰਾਹੀਂ ਗਵਾਹੀ ’ਤੇ ਕੋਈ ਇਤਰਾਜ਼ ਨਹੀਂ ਹੈ ਤੇ ਉਂਜ ਵੀ ਇਸ ਕੇਸ ਦੇ ਟਰਾਇਲ ’ਤੇ ਰੋਕ ਲੱਗੇ ਰਹਿਣ ਕਾਰਨ ਪਹਿਲਾਂ ਹੀ ਟਰਾਇਲ ਵਿਚ ਛੇ ਸਾਲ ਦੀ ਦੇਰੀ ਹੋਈ ਹੈ ਤੇ ਸੁਪਰੀਮ ਕੋਰਟ ਦੀਆਂ ਵੱਖ ਵੱਖ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਤੇਜ਼ ਟਰਾਇਲ ਵਿਚ ਤਕਨੀਕੀ ਮਦਦ ਲਈ ਜਾਣੀ ਚਾਹੀਦੀ ਹੈ ਤੇ ਘੱਟ ਖ਼ਰਚ ਹੋਣਾ ਚਾਹੀਦਾ ਹੈ। ਇਹ ਵੀ ਕਿਹਾ ਕਿ ਹੰਸਰਾਜ ਚੌਹਾਨ ਤਿੰਨ ਵਾਰ ਨਿਜੀ ਪੇਸ਼ੀ ਰਾਹੀਂ ਗਵਾਹੀ ਦੇ ਚੁੱਕਾ ਹੈ ਤੇ ਹੁਣ ਸੁਆਲ ਜਵਾਬ ਕੀਤੇ ਜਾਣੇ ਹਨ। ਸੀਬੀਆਈ ਕੋਰਟ ਨੇ ਦਲੀਲਾਂ ਮੰਜ਼ੂਰ ਕਰਦਿਆਂ ਵੀਸੀ ਰਾਹੀਂ ਗਵਾਹੀ ਦੀ ਇਜਾਜ਼ਤ ਦੇ ਦਿਤੀ ਹੈ। 

ਚੌਹਾਨ ਨੇ ਪੰਚਕੂਲਾ ਦੀ ਸੀਬੀਆਈ ਕੋਰਟ ਵਿਚ ਅਰਜ਼ੀ ਦਾਖ਼ਲ ਕਰ ਕੇ ਕਿਹਾ ਸੀ ਕਿ ਉਸ  ਨੂੰ ਪਤਾ ਲੱਗਾ ਹੈ ਕਿ ਪੰਚਕੂਲਾ ਅਦਾਲਤ ਨੇ ਉਸ ਨੂੰ ਨਿਜੀ ਤੌਰ ’ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ ਪਰ ਉਹ ਡੇਰੇ ਦੇ ਪੈਰੋਕਾਰਾਂ ਕੋਲੋਂ ਜਾਨ ਦਾ ਖ਼ਤਰਾ ਹੋਣ ਕਾਰਨ ਨਿਜੀ ਤੌਰ ’ਤੇ ਪੇਸ਼ ਨਹੀਂਂ ਹੋ ਸਕਦਾ, ਲਿਹਾਜ਼ਾ ਉਸ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਗਵਾਹੀ ਕਰਨ ਦੀ ਇਜਾਜ਼ਤ ਦਿਤੀ ਜਾਵੇ ਤੇ ਇਸ ਲਈ ਸੀਬੀਆਈ ਨੂੰ ਇੰਤਜ਼ਾਮ ਕਰਨ ਲਈ ਕਿਹਾ ਜਾਵੇ।

ਇਸੇ ਮੰਗ ਦਾ ਵਿਰੋਧ ਕਰਦਿਆਂ ਸੌਦਾ ਸਾਧ ਦੇ ਵਕੀਲਾਂ ਨੇ ਕੋਰਟ ਵਿਚ ਦਲੀਲਾਂ ਦਿਤੀਆਂ ਹਨ ਕਿ ਹੰਸ ਰਾਜ ਚੌਹਨ ਨੇ ਪੰਚਕੂਲਾ ਅਦਾਲਤ ਵਿਚ ਇਹ ਅਰਜ਼ੀ ਇਸ ਲਈ ਦਿਤੀ ਹੈ, ਤਾਕਿ ਉਹ ਧਮਕੀ ਮਿਲਣ ਦੀ ਗੱਲ ਕਹਿ ਕੇ ਅਮਰੀਕਾ ਵਿਚ ਰਾਜਸੀ ਸ਼ਰਨ ਕੇ ਪੀਆਰ ਹਾਸਲ ਕਰ ਸਕੇ। ਵਕੀਲਾਂ ਨੇ ਇਹ ਦਲੀਲ ਵੀ ਦਿਤੀ ਹੈ ਕਿ ਜੇਕਰ ਹੰਸਰਾਜ ਚੌਹਾਨ ਨੂੰ ਵੀਸੀ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਦਿਤੀ ਜਾਂਦੀ ਹੈ ਤਾਂ ਇਹ ਸੌਦਾ ਸਾਧ ਦੇ ਨਿਰਪੱਖ ਸੁਣਵਾਈ ਦੇ ਹੱਕ ’ਤੇ ਡਾਕਾ ਹੋਵੇਗਾ, ਲਿਹਾਜ਼ਾ ਚੌਹਾਨ ਦੀ ਅਰਜ਼ੀ ਰੱਦ ਕੀਤੀ ਜਾਣੀ ਚਾਹੀਦੀ ਹੈ। 

ਚੰਡੀਗੜ੍ਹ ਤੋਂ ਸੁਰਜੀਤ ਸਿੰਘ ਸੱਤੀ ਦੀ ਰਿਪੋਰਟ

"(For more news apart from “Himachal Weather News in punjabi , ” stay tuned to Rozana Spokesman.)