Inderpreet ਉਰਫ਼ ਪੈਰੀ ਦਾ ਚੰਡੀਗੜ੍ਹ ਦੇ ਸੈਕਟਰ 25 ’ਚ ਕੀਤਾ ਗਿਆ ਅੰਤਿਮ ਸਸਕਾਰ
ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਰਹੇ ਮੌਜੂਦ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-26 ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦਾ ਅੱਜ ਸੈਕਟਰ-25 ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਅਤੇ ਪੈਰੀ ਦੇ ਦੋਸਤ ਮੌਜੂਦ ਸਨ । ਮਾਹੌਲ ਕਾਫ਼ੀ ਗਮਗੀਨ ਸੀ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਸੈਕਟਰ-26 ਦੀ ਟਿੰਬਰ ਮਾਰਕੀਟ ਨੇੜੇ ਕਾਰ ਸਵਾਰ ਹਮਲਾਵਰਾਂ ਨੇ ਪੈਰੀ 'ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ ਸੀ। ਇੰਦਰਪ੍ਰੀਤ ਪੈਰੀ ਵਿਦਿਆਰਥੀ ਰਾਜਨੀਤੀ (SOPU) ਦੇ ਸਮੇਂ ਤੋਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਾਲਜ ਦੋਸਤ ਅਤੇ ਕਰੀਬੀ ਸਾਥੀ ਰਿਹਾ ਸੀ । ਜਦਿਕ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਵਿਚਾਲੇ ਦੂਰੀਆਂ ਵਧ ਗਈਆਂ ਸਨ।
ਉਧਰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਹੀ ਧੋਖੇ ਨਾਲ ਪੈਰੀ ਨੂੰ ਮੀਟਿੰਗ ਲਈ ਬੁਲਾ ਕੇ ਮਰਵਾਇਆ ਹੈ। ਜ਼ਿਕਰਯੋਗ ਹੈ ਕਿ ਪੈਰੀ ਦਾ ਨਵੰਬਰ ਮਹੀਨੇ ਹੀ ਵਿਆਹ ਹੋਇਆ ਸੀ। ਪੁਲਿਸ ਇਸ ਕਤਲ ਨੂੰ ਗੈਂਗਵਾਰ ਅਤੇ ਆਪਸੀ ਰੰਜਿਸ਼ ਦੇ ਕੋਣ ਤੋਂ ਦੇਖ ਰਹੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।