ਕੜਾਕੇ ਦੀ ਠੰਢ 'ਚ ਬੇਘਰਿਆਂ ਦਾ ਸਹਾਰਾ ਬਣੀ ਚੰਡੀਗੜ੍ਹ ਪੁਲਿਸ
ਰਾਤ ਭਰ ਚੱਲੀ ਵਿਸ਼ੇਸ਼ ਮੁਹਿੰਮ ਤਹਿਤ ਲੋਕਾਂ ਨੂੰ ਵੰਡੇ ਕੰਬਲ ਤੇ ਪਹੁੰਚਾਇਆ ਰੈਣ ਬਸੇਰਿਆਂ 'ਚ
ਚੰਡੀਗੜ੍ਹ : ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੰਡੀਗੜ੍ਹ ਪੁਲਿਸ ਨੇ ਕੜਾਕੇ ਦੀ ਠੰਢ ਵਿੱਚ ਸੜਕਾਂ 'ਤੇ ਰਾਤ ਕੱਟਣ ਵਾਲੇ ਬੇਘਰੇ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ 4 ਜਨਵਰੀ ਦੀ ਰਾਤ ਨੂੰ ਇੱਕ ਵਿਸ਼ੇਸ਼ 'ਨਾਈਟ ਐਕਸਰਸਾਈਜ਼' ਚਲਾਈ। ਇਸ ਮੁਹਿੰਮ ਦਾ ਮੁੱਖ ਮਕਸਦ ਲੋੜਵੰਦਾਂ ਨੂੰ ਸੁਰੱਖਿਅਤ ਰੈਣ ਬਸੇਰਿਆਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਨੂੰ ਕੰਬਲ ਮੁਹੱਈਆ ਕਰਵਾਉਣਾ ਸੀ।
ਇਸ ਕਾਰਵਾਈ ਲਈ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਨ੍ਹਾਂ ਟੀਮਾਂ ਨੇ ਸ਼ਹਿਰ ਦੇ ਬਾਜ਼ਾਰਾਂ, ਫੁੱਟਪਾਥਾਂ, ਬੱਸ ਅੱਡਿਆਂ ਅਤੇ ਹੋਰ ਜਨਤਕ ਥਾਵਾਂ 'ਤੇ ਜਾ ਕੇ ਜਾਂਚ ਕੀਤੀ, ਜਿੱਥੇ ਅਕਸਰ ਬੇਘਰੇ ਲੋਕ ਰਾਤ ਵੇਲੇ ਸੌਂਦੇ ਹਨ। ਪੁਲਿਸ ਮੁਲਾਜ਼ਮਾਂ ਨੇ ਬਾਹਰ ਸੁੱਤੇ ਲੋਕਾਂ ਨੂੰ ਸਮਝਾ ਕੇ ਉਨ੍ਹਾਂ ਨੂੰ ਨਜ਼ਦੀਕੀ ਰੈਣ ਬਸੇਰਿਆਂ ਵਿੱਚ ਜਾਣ ਲਈ ਪ੍ਰੇਰਿਤ ਕੀਤਾ। 298 ਲੋਕ ਪਹਿਲਾਂ ਹੀ ਸ਼ਹਿਰ ਦੇ ਵੱਖ-ਵੱਖ ਰੈਣ ਬਸੇਰਿਆਂ ਵਿੱਚ ਸਹੂਲਤਾਂ ਦਾ ਲਾਭ ਲੈ ਰਹੇ ਸਨ। ਜਦਕਿ 67 ਲੋਕ ਅਜਿਹੇ ਮਿਲੇ ਜੋ ਰੈਣ ਬਸੇਰਿਆਂ ਤੋਂ ਬਾਹਰ ਖੁੱਲ੍ਹੇ ਵਿੱਚ ਸੁੱਤੇ ਹੋਏ ਸਨ।
ਇਨ੍ਹਾਂ ਵਿੱਚੋਂ 43 ਲੋਕਾਂ ਨੂੰ ਪੁਲਿਸ ਨੇ ਸਫਲਤਾਪੂਰਵਕ ਨਜ਼ਦੀਕੀ ਸ਼ੈਲਟਰ ਹੋਮਜ਼ ਵਿੱਚ ਸ਼ਿਫਟ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਰਹਿਣ ਲਈ ਸੁਰੱਖਿਅਤ ਥਾਂ ਅਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਗਈਆਂ। ਪੁਲਿਸ ਨੇ ਭਰੋਸਾ ਦਿੱਤਾ ਕਿ ਇਹ ਸਾਰੀ ਪ੍ਰਕਿਰਿਆ ਬਹੁਤ ਹੀ ਨਿਮਰਤਾ ਅਤੇ ਮਨੁੱਖੀ ਹਮਦਰਦੀ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ ਤਾਂ ਜੋ ਕਿਸੇ ਦੀ ਮਰਿਆਦਾ ਨੂੰ ਠੇਸ ਨਾ ਪਹੁੰਚੇ। ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਨਿਯਮਿਤ ਤੌਰ 'ਤੇ ਜਾਰੀ ਰਹਿਣਗੀਆਂ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਇਸ ਜਾਨਲੇਵਾ ਠੰਢ ਦਾ ਸ਼ਿਕਾਰ ਨਾ ਹੋਵੇ।