ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਚੰਡੀਗੜ੍ਹ ਵਿੱਚ ਖੇਡਾਂ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੀ ਸਮੀਖਿਆ ਲਈ ਵਿਭਿੰਨ ਸਥਾਨਾਂ ਦਾ ਕੀਤਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਖੇਡ ਸੁਵਿਧਾਵਾਂ ਦੀ ਸ਼ਲਾਘਾ ਕੀਤੀ

UT Chandigarh Administrator visits various locations to review sports and healthcare infrastructure in Chandigarh

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਹਿਰ ਵਿੱਚ ਖੇਡਾਂ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੀ ਸਮੀਖਿਆ ਲਈ ਵਿਭਿੰਨ ਸਥਾਨਾਂ ਦਾ ਦੌਰਾ ਕੀਤਾ। ਪ੍ਰਸ਼ਾਸਕ ਨੇ ਸਭ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਦੇ ਨਾਲ ਸੈਕਟਰ 8 ਸਥਿਤ ਸਪੋਰਟਸ ਕੰਪਲੈਕਸ ਦਾ ਦੌਰਾ ਕੀਤਾ। ਨਿਰੀਖਣ ਦੇ ਦੌਰਾਨ, ਉਨ੍ਹਾਂ ਨੇ ਸਵਿਮਿੰਗ ਪੂਲ, ਸ਼ਤਰੰਜ ਕੇਂਦਰ ਅਤੇ ਬੈਡਮਿੰਟਨ ਹਾਲ ਦਾ ਜਾਇਜ਼ਾ ਲਿਆ ਅਤੇ ਦਿੱਵਯਾਂਗ ਵਿਅਕਤੀਆਂ ਲਈ ਵਿਸ਼ੇਸ਼ ਤੌਰ 'ਤੇ ਵਿਕਸਿਤ ਸਟੀਕ ਬਾਲ ਖੇਡ ਬੋਕੀਆ (Boccia) ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਸ਼ਤਰੰਜ ਅਤੇ ਬੋਕੀਆ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਕੰਪਲੈਕਸ ਵਿੱਚ ਉਪਲਬਧ ਸਮਾਵੇਸ਼ੀ ਖੇਡ ਸੁਵਿਧਾਵਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਪ੍ਰੇਰਣਾ ਪੁਰੀ, ਸਕੱਤਰ ਸਪੋਰਟਸ, ਸ਼੍ਰੀ ਸੌਰਭ ਕੁਮਾਰ ਅਰੋੜਾ, ਡਾਇਰੈਕਟਰ ਸਪੋਰਟਸ ਅਤੇ ਹੋਰ ਅਧਿਕਾਰੀ ਵੀ ਉਪਸਥਿਤ ਸਨ।

ਇਸ ਤੋਂ ਬਾਅਦ, ਪ੍ਰਸ਼ਾਸਕ ਅਤੇ ਮੁੱਖ ਸਕੱਤਰ ਇਕੱਠੇ ਸੈਕਟਰ 8 ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਗਏ, ਜਿੱਥੇ ਉਨ੍ਹਾਂ ਦਾ ਸਵਾਗਤ ਸੁਖਜਿੰਦਰ ਸਿੰਘ ਬਹਿਲ, ਪ੍ਰਧਾਨ, ਮੈਨੇਜਮੈਂਟ ਕਮੇਟੀ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨੇ ਕੀਤਾ। ਇਸ ਮੌਕੇ ਪ੍ਰਸ਼ਾਸਕ ਅਤੇ ਮੁੱਖ ਸਕੱਤਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

ਪ੍ਰਸ਼ਾਸਕ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਅਤੇ ਗ੍ਰਹਿ ਸਕੱਤਰ-ਅਤੇ-ਸਕੱਤਰ ਸਿਹਤ ਮਨਦੀਪ ਸਿੰਘ ਬਰਾੜ, ਆਈਏਐੱਸ, ਦੇ ਨਾਲ ਚੰਡੀਗੜ੍ਹ ਦੇ ਸੈਕਟਰ 48 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦੌਰਾ ਕੀਤਾ। ਡਾਕਟਰਾਂ ਨੇ ਦੱਸਿਆ ਕਿ 100 ਬਿਸਤਰਿਆਂ ਵਾਲੇ ਇਸ ਹਸਪਤਾਲ ਵਿੱਚ ਇਸ ਸਮੇਂ 54 ਬਿਸਤਰੇ ਭਰੇ ਹੋਏ ਹਨ।

ਨਿਰੀਖਣ ਦੌਰਾਨ ਡਾਕਟਰਾਂ ਨੇ ਪ੍ਰਸ਼ਾਸਕ ਨੂੰ ਪ੍ਰਮੁੱਖ ਵਾਰਡਾਂ ਅਤੇ ਸੁਵਿਧਾਵਾਂ ਦੇ ਸੰਚਾਲਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜਨਰਲ ਓਪੀਡੀ, ਪ੍ਰਯੋਗਸ਼ਾਲਾ, ਟੀਕਾਕਰਣ ਕਮਰੇ ਅਤੇ ਫਾਰਮੇਸੀ ਦਾ ਨਿਰੀਖਣ ਕੀਤਾ, ਜਿਸ ਵਿੱਚ ਟੀਬੀ ਵਾਰਡ ਅਤੇ ਮਲਟੀ-ਡਰੱਗ ਰੋਧਕ (ਐੱਮਡੀਆਰ/MDR) ਕਮਰੇ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਔਨਕੋਲੋਜੀ, ਰੇਡੀਓਲੋਜੀ, ਮਨੋਰੋਗ ਅਤੇ ਨਸ਼ਾ ਛੁਡਾਊ ਵਾਰਡਾਂ, ਆਇਸੋਲੇਸ਼ਨ ਅਤੇ ਬ੍ਰੈਕੀਥੈਰੇਪੀ ਸੁਵਿਧਾਵਾਂ ਦਾ ਵੀ ਨਿਰੀਖਣ ਕੀਤਾ ਅਤੇ ਡਾਕਟਰਾਂ, ਸਟਾਫ਼ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ।

ਇਸ ਤੋਂ ਬਾਅਦ, ਪ੍ਰਸ਼ਾਸਕ ਨੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ/PGIMER) ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਨਵੀਂ ਓਪੀਡੀ ਦਾ ਨਿਰੀਖਣ ਕੀਤਾ। ਇਸ ਦੌਰਾਨ ਡਾ. ਮਹੇਸ਼ ਦੇਵਨਾਨੀ, ਸੰਯੁਕਤ ਮੈਡੀਕਲ ਸੁਪਰਡੈਂਟ ਅਤੇ ਇੰਚਾਰਜ, ਨਵੀਂ ਓਪੀਡੀ, ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਉਪਲਬਧ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰਸ਼ਾਸਕ ਨੇ ਫਿਜ਼ੀਓਥੈਰੇਪੀ ਵਿਭਾਗ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ, ਹਿੱਪ ਅਤੇ ਗੋਡਿਆਂ ਦੀਆਂ ਸਥਿਤੀਆਂ ਲਈ ਉੱਨਤ ਡਿਜੀਟਲ ਵਿਸ਼ਲੇਸ਼ਣ ਅਤੇ ਇਲਾਜ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ। ਪ੍ਰਸ਼ਾਸਕ ਨੇ ਐੱਨਐੱਸਐੱਸ  ਸਾਰਥੀ (NSS SARTHI) ਵਲੰਟੀਅਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਨਿਰਸੁਆਰਥ ਸੇਵਾ ਦੀ ਸ਼ਲਾਘਾ ਕੀਤੀ।

ਅੰਤ ਵਿੱਚ, ਪ੍ਰਸ਼ਾਸਕ ਨੇ ਪੀਜੀਆਈਐੱਮਈਆਰ (PGIMER) ਦੇ ਔਰਲ ਹੈਲਥ ਸਾਇੰਸਿਜ਼ (ਡੈਂਟਲ) ਓਪੀਡੀ ਵਿੱਚ ਔਰਲ ਚੈੱਕ-ਅੱਪ ਕਰਵਾਇਆ।