ਚੰਡੀਗੜ੍ਹ ’ਚ ਵਾਹਨਾਂ ਦੀ ਗਿਣਤੀ ਅਬਾਦੀ ਨਾਲੋਂ ਹੋਈ ਜ਼ਿਆਦਾ : ਆਰ.ਕੇ. ਗਰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਵਾਹਨ ਮਾਲਕਾਂ ਵੱਲੋਂ ਪ੍ਰਦੂਸ਼ਣ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ

Number of vehicles in Chandigarh has increased compared to population: R.K. Garg

ਚੰਡੀਗੜ੍ਹ : ਮਸ਼ਹੂਰ ਆਰ.ਟੀ.ਆਈ. ਕਾਰਕੁਨ ਆਰ.ਕੇ. ਗਰਗ ਵੱਲੋਂ ਪ੍ਰਾਪਤ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਚੰਡੀਗੜ੍ਹ ਵਿੱਚ ਵਾਹਨਾਂ ਦੀ ਵਧਦੀ ਗਿਣਤੀ ਅਤੇ ਪ੍ਰਦੂਸ਼ਣ ਜਾਂਚ ਵਿੱਚ ਹੋ ਰਹੀ ਵੱਡੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਵਾਹਨਾਂ ਦੀ ਗਿਣਤੀ ਹੁਣ ਇੱਥੋਂ ਦੀ ਅਬਾਦੀ ਦੀ ਗਿਣਤੀ ਨੂੰ ਵੀ ਪਾਰ ਕਰ ਗਈ ਹੈ। ਚੰਡੀਗੜ੍ਹ ਸ਼ਹਿਰ ਦੀ 13 ਲੱਖ ਦੀ ਆਬਾਦੀ ਦੇ ਮੁਕਾਬਲੇ ਵਾਹਨਾਂ ਦੀ ਗਿਣਤੀ 15 ਲੱਖ ਤੱਕ ਪਹੁੰਚ ਗਈ ਹੈ। ਜਿਸ ਨਾਲ ਚੰਡੀਗੜ੍ਹ ਹੁਣ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀ ਵਿਅਕਤੀ ਵਾਹਨ ਵਾਲਾ ਸ਼ਹਿਰ ਬਣ ਚੁੱਕਾ ਹੈ।

ਆਰ.ਕੇ. ਗਰਗ ਨੇ ਦੱਸਿਆ ਕਿ 15 ਲੱਖ ਰਜਿਸਟਰਡ ਵਾਹਨਾਂ ਵਿੱਚੋਂ ਸਾਲ 2025 ਦੌਰਾਨ ਸਿਰਫ਼ 6,69,224 ਵਾਹਨਾਂ ਨੇ ਹੀ ਪ੍ਰਦੂਸ਼ਣ ਸਰਟੀਫਿਕੇਟ (PUC) ਲਿਆ ਹੈ। ਸ਼ਹਿਰ ਵਿੱਚ ਚੱਲਣ ਵਾਲੇ ਸਿਰਫ਼ 20 ਫ਼ੀਸਦੀ ਵਾਹਨਾਂ ਕੋਲ ਹੀ ਮਾਨਤਾ ਪ੍ਰਾਪਤ PUC ਹੈ, ਜਦਕਿ ਬਾਕੀ ਬਿਨਾਂ ਕਿਸੇ ਜਾਂਚ ਦੇ ਚੱਲ ਰਹੇ ਹਨ ਕਿਉਂਕਿ ਟ੍ਰੈਫਿਕ ਪੁਲਿਸ ਵੱਲੋਂ ਇਸ ਦੀ ਸਖ਼ਤੀ ਨਾਲ ਜਾਂਚ ਨਹੀਂ ਕੀਤੀ ਜਾਂਦੀ। ਆਰ.ਟੀ.ਆਈ. ਰਾਹੀਂ ਮਿਲੀ ਜਾਣਕਾਰੀ ਵਿੱਚ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਗਏ ਹਨ।

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ 2915 ਬੱਸਾਂ ਵਿੱਚੋਂ ਨਵੰਬਰ 2025 ਵਿੱਚ ਸਿਰਫ਼ 143 ਬੱਸਾਂ ਦੇ PUC ਜਾਰੀ ਕੀਤੇ ਗਏ ਸਨ। ਇਸੇ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਆਪਣੇ ਵੱਡੇ ਵਾਹਨ ਬੇੜੇ ਵਿੱਚੋਂ ਦਸੰਬਰ 2025 ਵਿੱਚ ਸਿਰਫ਼ 58 ਅਤੇ ਨਵੰਬਰ ਵਿੱਚ ਕੇਵਲ 39 ਵਾਹਨਾਂ ਦੇ PUC ਜਾਰੀ ਹੋਏ।
ਆਰ. ਕੇ. ਗਰਗ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ 84 PUC ਸੈਂਟਰਾਂ ਨੇ ਪੂਰੇ ਸਾਲ ਵਿੱਚ ਸਿਰਫ਼ 1,90,500 ਰੁਪਏ ਨਵਿਆਉਣ ਫੀਸ ਵਜੋਂ ਦਿੱਤੇ ਹਨ। ਕੁਝ ਸੈਂਟਰ ਮਹੀਨੇ ਦੇ 2000 ਤੋਂ ਵੱਧ ਸਰਟੀਫਿਕੇਟ ਜਾਰੀ ਕਰਦੇ ਹਨ, ਪਰ ਸਰਕਾਰ ਨੂੰ ਬਹੁਤ ਹੀ ਘੱਟ ਫੀਸ ਅਦਾ ਕਰ ਰਹੇ ਹਨ, ਜਿਸ ਕਾਰਨ 2000 ਰੁਪਏ ਦੀ ਨਵਿਆਉਣ ਫੀਸ ਦੀ ਸਮੀਖਿਆ ਦੀ ਮੰਗ ਕੀਤੀ ਗਈ ਹੈ।