ਹਰਿਆਣਾ ਦੇ ਆਈਪੀਐਸ ਵਾਈ. ਪੂਰਨ. ਕੁਮਾਰ ਦਾ ਅੱਜ ਨਹੀਂ ਹੋ ਸਕਿਆ ਪੋਸਟ ਮਾਰਟਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਆਈਏਐਸ ਪਤਨੀ ਅਮਨੀਤ ਪੀ. ਕੁਮਾਰ ਪੋਸਟ ਮਾਰਟਮ ਲਈ ਨਹੀਂ ਹੋਈ ਰਾਜ਼ੀ

Postmortem of Haryana IPS Y. Puran Kumar could not be done today

ਚੰਡੀਗੜ੍ਹ : ਹਰਿਆਣਾ ਦੇ ਸੀਨੀਅਰ ਆਈਪੀਐਸ ਅਫ਼ਸਰ ਵਾਈ ਪੂਰਨ ਕੁਮਾਰ ਦਾ ਅੱਜ 8 ਅਕਤੂਬਰ ਨੂੰ ਪੋਸਟ ਮਾਰਟਮ ਨਹੀਂ ਹੋ ਸਕਿਆ। ਉਨ੍ਹਾਂ ਦੀ ਆਈਏਐਸ ਅਫ਼ਸਰ ਪਤਨੀ ਅਮਨੀਤ ਪੀ ਕੁਮਾਰ ਇਸ ਦੇ ਲਈ ਰਾਜ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕੱਲ੍ਹ ਵੱਡੀ ਬੇਟੀ ਦੇ ਅਮਰੀਕਾ ਤੋਂ ਪਰਤਣ ਮਗਰੋਂ ਹੀ ਪੋਸਟ ਮਾਰਟਮ ਹੋਵੇਗਾ ਅਤੇ ਉਹ ਪੂਰਨ ਕੁਮਾਰ ਦਾ ਅੰੰਤਿਮ ਸਸਕਾਰ ਕਰਨਗੇ। ਫ਼ਿਲਹਾਲ ਪੂਰਨ ਕੁਮਾਰ ਦੀ ਮ੍ਰਿਤਕ ਦੇਹ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਮੈਡੀਕਲ ਕਾਲਜ ’ਚ ਰੱਖੀ ਗਈ ਹੈ।

ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ ਬੁੱਧਵਾਰ ਸਵੇਰੇ ਹੀ ਜਾਪਾਨ ਤੋਂ ਚੰਡੀਗੜ੍ਹ ਆਏ ਹਨ। ਉਹ ਪਹਿਲਾਂ ਚੰਡੀਗੜ੍ਹ ਦੇ 24 ਸੈਕਟਰ ਸਥਿਤ ਆਪਣੀ ਸਰਕਾਰੀ ਰਿਹਾਇਸ਼ ’ਤੇ ਪਹੁੰਚੇ। ਜਿੱਥੇ ਹਰਿਆਣਾ ਦੇ ਚੀਫ਼ ਸੈਕਟਰੀ ਅਨੁਰਾਗ ਰਸਤੋਗੀ ਸਮੇਤ ਕਈ ਵੱਡੇ ਆਈਏਐਸ ਅਤੇ ਆਈਪੀਐਸ ਅਫ਼ਸਰਾਂ ਨਾਲ ਉਨ੍ਹਾਂ ਮੁਲਾਕਾਤ ਕੀਤੀ।

ਜਾਣਕਾਰੀ ਅਨੁਸਾਰ ਪਤੀ ਦੀ ਖੁਦਕੁਸ਼ੀ ਨਾਲ ਆਈਏਐਸ ਅਮਨੀਤ ਬਹੁਤ ਗੁੱਸੇ ’ਚ ਨਜ਼ਰ ਆਈ। ਉਨ੍ਹਾਂ ਨੇ ਅਫ਼ਸਰਾਂ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਇਸ ਮਾਮਲੇ ’ਚ ਜੋ ਵੀ ਜ਼ਿੰਮੇਵਾਰ  ਹੈ, ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ’ਚ ਸਾਰੇ ਅਧਿਕਾਰੀ ਵਿਵਾਦ ਦਾ ਪਤਾ ਨਾ ਹੋਣ ਦੇ ਬਾਰੇ ’ਚ ਉਨ੍ਹਾਂ ਨੂੰ ਸਫ਼ਾਈ ਦਿੰਦੇ ਰਹੇ। ਪਰਿਵਾਰ ਦੇ ਰੁਖ ਨੂੰ ਲੈ ਕੇ ਇਹ ਵੀ ਚਰਚਾ ਹੈ ਕਿ ਉਹ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਸਕਦੇ ਹਨ।

ਉਨ੍ਹਾਂ ਦੀ ਪਤਨੀ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਸੈਕਟਰ 11 ਸਥਿਤ ਉਸ ਕੋਠੀ ਪਹੁੰਚੀ, ਜਿੱਥੇ ਪੂਰਨ ਕੁਮਾਰ ਨੇ ਖੁਦਕੁਸ਼ੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੈਕਟਰ 16 ਦੇ ਹਸਪਤਾਲ ਜਾ ਕੇ ਪਤੀ ਦੇ ਦਰਸ਼ਨ ਕੀਤੇ। ਜ਼ਿਕਰਯੋਗ ਹੈ ਕਿ ਪੂਰਨ ਕੁਮਾਰ ਨੇ ਮੰਗਲਵਾਰ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਅੰਗਰੇਜ਼ੀ ’ਚ 8 ਪੰਨਿਆ ਦਾ ਖੁਦਕੁਸ਼ੀ ਨੋਟ ਛੱਡਿਆ, ਜਿਸ ’ਚ 30 ਤੋਂ 35 ਆਈਪੀਐਸ ਅਫ਼ਸਰਾਂ ਅਤੇ ਕੁੱਝ ਆਈਏਐਸ ਅਧਿਕਾਰੀਆਂ ਦੇ ਨਾਮ ਲਿਖੇ ਹੋਣ ਦੀ ਚਰਚਾ ਹੈ।
ਪੂਰਨ ਕੁਮਾਰ ਨੇ ਮੰਗਲਵਾਰ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਹ ਨੋਟ ਆਪਣੀ ਪਤਨੀ ਅਤੇ ਦੋ ਅਧਿਕਾਰੀਆਂ ਨੂੰ ਭੇਜਿਆ ਸੀ। ਚੰਡੀਗੜ੍ਹ ਪੁਲਿਸ ਨੇ ਖੁਦਕੁਸ਼ੀ ਨੋਟ ਵਿੱਚ ਦੱਸੇ ਗਏ ਨਾਵਾਂ ਬਾਰੇ ਚੁੱਪੀ ਧਾਰੀ ਹੋਈ ਹੈ। ਪੂਰਨ ਕੁਮਾਰ ਨੇ ਘਟਨਾ ਸਥਾਨ ’ਤੇ ਇੱਕ ਵਸੀਅਤ ਵੀ ਛੱਡੀ ਹੈ। ਇਹ ਵਸੀਅਤ 6 ਅਕਤੂਬਰ ਦੀ ਹੈ ਅਤੇ ਖੁਦਕੁਸ਼ੀ ਨੋਟ 7 ਅਕਤੂਬਰ ਦੀ ਹੈ। ਵਸੀਅਤ ਵਿੱਚ ਉਸਨੇ ਆਪਣੀ ਸਾਰੀ ਜਾਇਦਾਦ ਆਪਣੀ ਪਤਨੀ ਨੂੰ ਸੌਂਪ ਦਿੱਤੀ।