ਜੰਗਲਾਤ ਵਿਭਾਗ ਨੇ ਸੂਬੇ ਵਿੱਚ ਜੰਗਲਾਂ ਅਤੇ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ 12 ਲੱਖ ਤੋਂ ਵੱਧ ਬੂਟੇ ਲਗਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਸ਼ਹਿਰੀ ਜੰਗਲਾਤ ਅਧੀਨ ਲਗਾਏ ਗਏ 3,31,000 ਪੌਦੇ ਸ਼ਾਮਲ

Forest Department plants over 12 lakh saplings to increase forest and tree cover in the state

ਚੰਡੀਗੜ੍ਹ: ‘ਗਰੀਨਿੰਗ ਪੰਜਾਬ ਮਿਸ਼ਨ’ ਤਹਿਤ ਸੂਬੇ ਵਿੱਚ ਮੌਜੂਦਾ ਜੰਗਲਾਂ ਅਤੇ ਰੁੱਖਾਂ ਹੇਠਲੇ ਰਕਬੇ ਦੀ ਸਾਂਭ-ਸੰਭਾਲ, ਵਿਕਾਸ ਅਤੇ ਵਾਧੇ ਨੂੰ ਹੁਲਾਰਾ ਦੇਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਵਿਭਾਗ ਨੇ ਪੰਜਾਬ ਵਿੱਚ ਹਰਿਆਵਲ ਨੂੰ  ਵਧਾਉਣ ਦੇ ਆਪਣੇ ਯਤਨਾਂ ਤਹਿਤ ਸੂਬੇ ਭਰ ਵਿੱਚ ਵੱਖ-ਵੱਖ ਯੋਜਨਾਵਾਂ ਅਧੀਨ ਬੂਟੇ ਲਗਾਏ ਹਨ।

ਕਈ ਨਵੀਆਂ ਪਹਿਲਕਦਮੀਆਂ ਤਹਿਤ 12,55,700 ਬੂਟੇ ਲਗਾਏ ਗਏ ਹਨ। ਇਨ੍ਹਾਂ ਵਿੱਚ ਸ਼ਹਿਰੀ ਜੰਗਲਾਤ ਅਧੀਨ ਲਗਾਏ ਗਏ 3,31,000 ਪੌਦੇ ਸ਼ਾਮਲ ਹਨ, ਜਿਨ੍ਹਾਂ ਵਿੱਚ ਸੰਸਥਾਗਤ ਜ਼ਮੀਨ ’ਤੇ ਪੌਦੇ ਲਗਾਉਣਾ ਅਤੇ ਐਗਰੋ ਫਾਰੈਸਟਰੀ (ਲਿੰਕ ਸੜਕਾਂ ਦੇ ਨਾਲ ਲਗਦੇ  ਦੇ ਖੇਤਾਂ ਵਿੱਚ ਇੱਕ ਕਤਾਰ ਵਿੱਚ ਪੌਦੇ ਲਗਾਉਣਾ), 2,50,000 ਪੋਪਲਰ/ਡਰੇਕ ਅਤੇ 3,00,000 ਸਫੈਦੇ ਦੇ ਰੁੱਖ ਸ਼ਾਮਿਲ ਹਨ। ਇਸ ਤੋਂ ਇਲਾਵਾ, ਕੰਡਿਆਲੀ ਤਾਰ ਲਗਾ ਕੇ ਪਵਿੱਤਰ ਵਣ ਵਿਕਸਤ ਕਰਨ ਦੇ ਨਾਲ-ਨਾਲ ਕੰਡਿਆਲੀ ਤਾਰ ਨਾਲ ‘ਨਾਨਕ ਬਗੀਚੀਆਂ’ ਵਿਕਸਿਤ ਕਰਨ ਦੇ ਹਿੱਸੇ ਵਜੋਂ 20,800 ਪੌਦੇ ਲਗਾਏ ਗਏ ਹਨ। ਇਸ ਦੇ ਨਾਲ ਹੀ ਉਦਯੋਗਿਕ ਸੰਸਥਾਨਾਂ ਵਿਖੇ 46,500 ਬੂਟੇ ਲਗਾਏ ਗਏ ਹਨ, ਜਦੋਂ ਕਿ ਸਕੂਲਾਂ ਵਿੱਚ 1,44,500 ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ, 1,62,900 ਲੰਬੇ ਪੌਦੇ ਵੀ ਲਗਾਏ ਗਏ ਹਨ।

ਬੂਟੇ ਲਗਾਉਣ ਦਾ ਉਦੇਸ਼ ਰਾਜ ਵਿੱਚ ਸਾਰੀਆਂ ਉਪਲਬਧ ਜ਼ਮੀਨਾਂ ’ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪੌਦੇ ਲਗਾ ਕੇ ਜ਼ਿਆਦਾ ਤੋਂ ਜ਼ਿਆਦਾ ਰਕਬੇ ਨੂੰ ਹਰਿਆਲੀ ਹੇਠ ਲਿਆਉਣਾ , ਨਰਸਰੀਆਂ ਵਧਾਉਣਾ, ਜੰਗਲਾਤ ਹੇਠਲਾ ਰਕਬਾ ਵਧਾਉਣ ਲਈ ਰਾਜ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਬੂਟਿਆਂ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰਨਾ, ਸੂਬੇ ਵਿੱਚ ਜੰਗਲ ਜਾਗਰੂਕਤਾ ਪਾਰਕਾਂ ਦੀ ਸਥਾਪਨਾ ਅਤੇ ਰੱਖ-ਰਖਾਅ ਕਰਨਾ ਅਤੇ ਜੰਗਲਾਤ ਖੋਜ ਦੇ ਨਾਲ-ਨਾਲ ਸਿਖਲਾਈ ਗਤੀਵਿਧੀਆਂ ਕਰਨਾ ਹੈ।