ਦੇਸ਼ ’ਚ ਲਗਭਗ 60 ਫ਼ੀ ਸਦੀ ਕਣਕ ਤੇ ਚੌਲਾਂ ਦੇ ਉਤਪਾਦਨ ’ਚ 70 ਫ਼ੀ ਸਦੀ ਯੋਗਦਾਨ ਪਾਉਂਦਾ ਹੈ ਪੰਜਾਬ : ਰਾਜਪਾਲ ਕਟਾਰੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਰਾਜਪਾਲ ਪੀਏਯੂ ਦੀ ਸਾਲਾਨਾ ਕਨਵੋਕੇਸ਼ਨ ਵਿਚ ਨੌਜਵਾਨ ਖੇਤੀ ਵਿਗਿਆਨੀਆਂ ਨੂੰ ਵੰਡੀਆਂ ਡਿਗਰੀਆਂ

Gulab Chand Kataria Punjab governor News in punjabi

ਲੁਧਿਆਣਾ (ਕਵਿਤਾ ਖੁੱਲਰ, ਰਾਜਕੁਮਾਰ ਸਾਥੀ, ਸੁਧੀਰ ਅਗਨੀਹੋਤਰੀ): ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 1960 ਦੇ ਅੰਨ ਵਿਹੂਣੇ ਦੌਰ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ ਦੇਸ਼ ਉਸ ਸਮੇਂ ਅਮਰੀਕਾ ਤੋਂ ਮੰਗਵਾਈ ਕਣਕ ’ਤੇ ਨਿਰਭਰ ਸੀ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਸਦਕਾ ਅੱਜ ਭਾਰਤ ਵਾਧੂ ਅਨਾਜ ਵਾਲੇ ਮੁਲਕ ਵਿਚ ਵਟਿਆ ਹੈ। ਇਸੇ ਦਾ ਨਤੀਜਾ ਹੈ ਕਿ ਭਾਰਤ ਹੁਣ ਵਿਸ਼ਵ ਪੱਧਰ ’ਤੇ ਕਣਕ ਅਤੇ ਝੋਨੇ ਦਾ ਨਿਰਯਾਤ ਕਰਦਾ ਹੈ ਅਤੇ ਪੰਜਾਬ ਦੇਸ਼ ਦੀ ਲਗਭਗ 60 ਫ਼ੀ ਸਦੀ ਕਣਕ ਅਤੇ ਚੌਲਾਂ ਦੇ ਉਤਪਾਦਨ ਵਿਚ 70 ਫ਼ੀ ਸਦੀ ਯੋਗਦਾਨ ਪਾਉਂਦਾ ਹੈ। 


ਰਾਜਪਾਲ ਨੇ ਪੀ.ਏ.ਯੂ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਆਯੋਜਤ ਸਾਲਾਨਾ ਕਨਵੋਕੇਸ਼ਨ ਵਿਚ ਅਕਾਦਮਿਕ ਮਾਹਰਾਂ ਅਤੇ ਸਮਾਜ ਪ੍ਰਤੀ ਸੇਵਾ ਲਈ ਜਾ ਰਹੇ ਨੌਜਵਾਨਾਂ ਨੂੰ ਡਿਗਰੀਆਂ ਵੰਡੀਆਂ। ਉਨ੍ਹਾਂ ਨਾਲ ਵਿਧਾਨ ਸਭਾ ਤੋਂ ਵਿਵੇਕ ਪ੍ਰਤਾਪ ਸਿੰਘ, ਪੀਏਯੂ ਦੇ ਵਾਈਸ ਚਾਂਸਲਰ ਡਾ.  ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਰਿਸ਼ੀਪਾਲ ਸਿੰਘ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ ਦੇ ਹੋਰ ਪਤਵੰਤੇ ਵੀ ਸਨ। ਸਮਾਰੋਹ ਦੀ ਸ਼ੁਰੂਆਤ ਰਜਿਸਟਰਾਰ, ਸੀਨੀਅਰ ਫ਼ੈਕਲਟੀ, ਡੀਨ, ਡਾਇਰੈਕਟਰਾਂ, ਬੋਰਡ ਮੈਂਬਰਾਂ, ਵਾਈਸ ਚਾਂਸਲਰ ਅਤੇ ਚਾਂਸਲਰ ਦੀ ਅਗਵਾਈ ਵਿਚ ਇਕ ਸ਼ਾਨਦਾਰ ਅਕਾਦਮਿਕ ਜਲੂਸ ਨਾਲ ਹੋਈ।  

ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਇਸ ਯਾਦਗਾਰ ਮੌਕੇ ਇਕੱਤਰ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਖ਼ੁਸ਼ੀ ਦਾ ਦ੍ਰਿਸ਼ ਦੇਖਣਯੋਗ ਸੀ।  ਕਨਵੋਕੇਸ਼ਨ ਵਿਚ ਅਕਾਦਮਿਕ ਪੱਖੋਂ ਸ਼ਾਨਦਾਰ ਪ੍ਰਦਰਸ਼ਨ ਲਈ ਕਈ ਗੋਲਡ ਮੈਡਲਾਂ ਦੇ ਨਾਲ-ਨਾਲ ਤਿੰਨ ਉੱਤਮ ਵਿਦਿਆਰਥੀਆਂ ਨੂੰ ਚਾਂਸਲਰ ਮੈਡਲ ਪ੍ਰਦਾਨ ਕੀਤਾ ਗਿਆ। ਪੀਏਯੂ ਨੇ ਫ਼ੈਕਲਟੀ ਮੈਂਬਰਾਂ ਨੂੰ ਖੋਜ, ਅਕਾਦਮਿਕਤਾ ਅਤੇ ਖੇਤੀਬਾੜੀ ਪਸਾਰ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸਨਮਾਨਤ ਵੀ ਕੀਤਾ। ਰਾਜਪਾਲ ਕਟਾਰੀਆ ਨੇ ਕਨਵੋਕੇਸ਼ਨ ਦੌਰਾਨ ਮਾਹਰਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦਾ ਮਿਸਾਲੀ ਕਾਰਜ ਕਰਨ ਲਈ ਪੀਏਯੂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿਤਾ ਕਿ ਅਧਿਆਪਕ ਹੀ ਸਮਾਜ ਦੇ ਅਸਲ ਨਿਰਮਾਤਾ ਹੁੰਦੇ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਖਾਰਦੇ ਹਨ। ਅਪਣੇ ਸੰਬੋਧਨ ਵਿਚ ਰਾਜਪਾਲ ਨੇ ਪੀ.ਏ.ਯੂ ਨੂੰ ਭਾਰਤੀ ਖੇਤੀ ਵਿਚ ਕ੍ਰਾਂਤੀ ਲਿਆਉਣ ਵਾਲੇ ਵਿਗਿਆਨੀਆਂ ਅਤੇ ਕਿਸਾਨਾਂ ਦੀ ਮਿਹਨਤ ਅਤੇ ਲਗਨ ਦੇ ਸੰਤਭਾਂ ਉਪਰ ਖੜੀ ਹੋਈ ਪਵਿੱਤਰ ਸੰਸਥਾ ਵਜੋਂ ਸ਼ਲਾਘਾ ਕੀਤੀ। ਅਪਣੀ ਕਨਵੋਕੇਸ਼ਨ ਰਿਪੋਰਟ ਵਿਚ, ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਪਿਛਲੇ ਕੁੱਝ ਸਾਲਾਂ ਵਿਚ ਪੀਏਯੂ ਦੀਆਂ ਅਕਾਦਮਿਕ ਪ੍ਰਾਪਤੀਆਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਬੁਨਿਆਦੀ ਖੋਜ ਪਹਿਲਕਦਮੀਆਂ ਦੀ ਵਿਆਪਕ ਜਾਣਕਾਰੀ ਪ੍ਰਦਾਨ ਕੀਤੀ।