ਅਗਲੇ ਸਾਲ ਸਤੰਬਰ ਤੋਂ ਅਕਤੂਬਰ ਦਰਮਿਆਨ ਕਰਵਾਈਆਂ ਜਾ ਸਕਦੀਆਂ ਹਨ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ : ਸੂਤਰ
ਵਾਈਸ ਚਾਂਸਲਰ ਵੱਲੋਂ ਚੋਣਾਂ ਸਬੰਧੀ ਉਪ ਰਾਸ਼ਟਰਪਤੀ ਨੂੰ ਲਿਖਿਆ ਗਿਆ ਪੱਤਰ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਸਬੰਧੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਅਗਲੇ ਸਾਲ 15 ਸਤੰਬਰ ਤੋਂ 15 ਅਕਤੂਬਰ 2026 ਤੱਕ ਕਰਵਾਈਆਂ ਜਾ ਸਕਦੀਆਂ ਹਨ। ਸੈਨੇਟ ਚੋਣਾਂ ਸਬੰਧੀ ਵਾਈਸ ਚਾਂਸਲਰ ਰੇਨੂ ਵਿਗ ਵੱਲੋਂ ਉਪ ਰਾਸ਼ਟਰਪਤੀ ਨੂੰ ਇਕ ਪੱਤਰ ਲਿਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸੈਨੇਟ ਚੋਣਾਂ ਕਰਵਾਉਣ ਲਈ ਸਾਡੇ ਕੋਲ ਪੀ.ਯੂ. ਕੈਲੰਡਰ ਵਿਚ ਸਪੱਸ਼ਟ ਨਿਯਮ ਦਰਜ ਹਨ। ਸਭ ਤੋਂ ਪਹਿਲਾਂ ਯੂਨੀਵਰਸਿਟੀ ਮਾਣਯੋਗ ਚਾਂਸਲਰ ਅਤੇ ਉਪ ਰਾਸ਼ਟਰਪਤੀ ਨੂੰ ਚੋਣਾਂ ਲਈ ਮਨਜ਼ੂਰੀ ਲੈਣ ਲਈ ਲਿਖਦੀ ਹੈ। ਉਸ ਤੋਂ ਬਾਅਦ ਵੋਟਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਚੋਣਾਂ ਦੀ ਮਿਤੀ ਸਬੰਧੀ ਐਲਾਨ ਕੀਤਾ ਜਾਵੇਗਾ। ਵਾਈਸ ਚਾਂਸਲਰ ਨੇ ਕਿਹਾ ਕਿ ਸੈਨੇਟ ਚੋਣਾਂ ਜਲਦ ਹੀ ਕਰਵਾਈਆਂ ਜਾਣਗੀਆਂ ਅਤੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੋਣ ਸ਼ਡਿਊਲ ਜਾਰੀ ਕੀਤਾ ਜਾਵੇਗਾ।