ਭਾਜਪਾ ਕੌਂਸਲਰ ਸੁਮਨ ਦੇਵੀ ਦੀ ਭਾਬੀ ਨੂੰ ਕੋਮਲ ਸ਼ਰਮਾ ਨੂੰ ਮੋਹਾਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਡਿਊਟੀ 'ਤੇ ਹਾਜ਼ਰ ਨਾ ਹੋਣ ਕਾਰਨ ਚੇਅਰਮੈਨ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਹੋਈ ਕਾਰਵਾਈ

BJP councilor Suman Devi's sister-in-law Komal Sharma arrested by Mohali police

ਚੰਡੀਗੜ੍ਹ : ਚੰਡੀਗੜ੍ਹ ਵਿੱਚ 29 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ ਹੈ। ਪੰਜਾਬ ਪੁਲਸ ਨੇ ਐਤਵਾਰ ਤੜਕੇ ਇਕ ਵੱਡੀ ਕਾਰਵਾਈ ਕਰਦਿਆਂ ਵਾਰਡ ਨੰਬਰ-4 ਤੋਂ ਭਾਜਪਾ ਕੌਂਸਲਰ ਸੁਮਨ ਦੇਵੀ ਦੀ ਭਾਬੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗ੍ਰਿਫ਼ਤਾਰੀ ਮੋਹਾਲੀ ਦੇ ਸੋਹਾਣਾ ਥਾਣੇ ਦੀ ਪੁਲਸ ਵੱਲੋਂ ਆਈ. ਟੀ. ਪਾਰਕ ਇਲਾਕੇ ਤੋਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੌਂਸਲਰ ਸੁਮਨ ਦੇਵੀ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਤੜਕੇ ਘਰ ਵਿੱਚ ਦਾਖ਼ਲ ਹੋ ਕੇ ਇਹ ਗ੍ਰਿਫ਼ਤਾਰੀ ਕੀਤੀ ਅਤੇ ਇਸ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ। ਐਤਵਾਰ ਸਵੇਰੇ ਤੜਕੇ ਸੁਹਾਣਾ ਥਾਣਾ ਮੋਹਾਲੀ ਦੀ ਪੁਲਸ ਟੀਮ ਚੰਡੀਗੜ੍ਹ ਦੇ ਆਈ. ਟੀ. ਪਾਰਕ ਪਹੁੰਚੀ। ਪੁਲਸ ਨੇ ਪਹਿਲਾਂ ਆਈ. ਟੀ. ਪਾਰਕ ਪੁਲਸ ਸਟੇਸ਼ਨ ਵਿੱਚ ਮਾਮਲੇ ਸਬੰਧੀ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਭਾਜਪਾ ਪਾਰਸ਼ਦ ਸੁਮਨ ਦੇਵੀ ਦੀ ਭਾਬੀ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਮੋਹਾਲੀ ਲੈ ਗਈ।

ਇਸ ਗ੍ਰਿਫਤਾਰੀ ਦੀ ਖ਼ਬਰ ਮਿਲਦਿਆਂ ਹੀ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਸਮੇਤ ਕਈ ਕੌਂਸਲਰ ਮਨੀਮਾਜਰਾ ਪੁਲਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਅਤੇ ਪੰਜਾਬ ਦੀ 'ਆਪ' ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਕਾਰਵਾਈ ਲੋਕਤੰਤਰ ਦੇ ਖ਼ਿਲਾਫ਼ ਹੈ ਅਤੇ ਮੇਅਰ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਉਣ ਅਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ 29 ਜਨਵਰੀ ਨੂੰ ਵੋਟਿੰਗ ਹੋਵੇਗੀ। 'ਆਪ' ਦੇ ਦੋ ਕੌਂਸਲਰਾਂ (ਸੁਮਨ ਅਤੇ ਪੂਨਮ) ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਕੋਲ ਹੁਣ 18 ਵੋਟਾਂ ਹੋ ਗਈਆਂ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਟੁੱਟ ਚੁੱਕਾ ਹੈ, ਜਿਸ ਕਾਰਨ ਭਾਜਪਾ ਦੀ ਜਿੱਤ ਦੀਆਂ ਸੰਭਾਵਨਾਵਾਂ ਮਜ਼ਬੂਤ ਮੰਨੀਆਂ ਜਾ ਰਹੀਆਂ ਹਨ। ਨਿਗਮ ਵਿੱਚ ਕੁੱਲ੍ਹ 35 ਕੌਂਸਲਰ ਅਤੇ ਇਕ ਸੰਸਦ ਮੈਂਬਰ ਦੀ ਵੋਟ ਹੁੰਦੀ ਹੈ।

ਦੂਜੇ ਪਾਸੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚੇਅਰਮੈਨ ਦੇ ਸਟਾਫ਼ ਵਿਚ ਕੋਮਲ ਸ਼ਰਮਾ ਬਤੌਰ ਕਲਰਕ ਆਊਟਸੋਰਸ ’ਤੇ ਕੰਮ ਕਰ ਰਹੀ ਸੀ। ਜਿਸ ਦੀ ਡਿਊਟੀ ਸ਼ੁਰੂ ਤੋਂ ਹੀ ਮਾਨਯੋਗ  ਚੇਅਰਮੈਨ ਦੇ ਕੈਂਪ ਆਫ਼ਿਸ ਸੈਕਟਰ 76 ਮੋਹਾਲੀ ਵਿਖੇ ਲਗਾਈ ਸੀ। ਜੋ ਆਪਣੀ ਹਾਜ਼ਰੀ ਰਿਪੋਰਟ ਮੁੱਖ ਦਫਤਰ ਵਿਖੇ ਭੇਜਦੀ ਸੀ, ਜਿਸ ਨੂੰ ਤਨਖਾਹ ਮਿਲਦੀ ਰਹੀ। ਦਸੰਬਰ 2025 ਦੀ ਹਾਜ਼ਰੀ ਰਿਪੋਰਟ ਪ੍ਰਾਪਤ ਨਹੀਂ ਹੋਈ, ਜਦੋਂ ਇਸ ਸਬੰਧੀ ਪਤਾ ਕੀਤਾ ਗਿਆ ਤਾਂ ਚੇਅਰਮੈਨ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਉਕਮ ਕਰਮਚਾਰਨ ਗੈਰ ਹਾਜ਼ਰ ਹੈ ਪਰ ਚੇਅਰਮੈਨ ਆਪਣੇ ਰੁਝੇਵਿਆਂ ਕਾਰਨ ਦਫਤਰ ਨੂੰ ਇਸ ਸਬੰਧੀ ਦੱਸ ਨਹੀਂ ਸਕੇ। ਇਸ ਦੌਰਾਨ ਉਕਤ ਕਰਮਚਾਰਨ ਆਪਣੀ ਗੈਰਹਾਜ਼ਰੀ ਵਿਚ ਹੀ ਦਫਤਰ ਵਿਖੇ ਆਪਣੀ ਹਾਜ਼ਰੀ ਰਿਪੋਰਟ ਭੇਜਦੀ ਰਹੀ ਅਤੇ ਤਨਖਾਹ ਪ੍ਰਾਪਤ ਕਰਦੀ ਰਹੀ। ਚੇਅਰਮੈਨ ਦੇ ਹੁਕਮਾਂ ’ਤੇ ਕੋਮਲ ਸ਼ਰਮਾ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।